ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ, ਮੁਹੱਲਾ ਚਾਏਆਮ, ਬਸਤੀ ਸ਼ੇਖ ਦੇ ਪ੍ਰਧਾਨ ’ਤੇ 19 ਸਤੰਬਰ ਦੀ ਸਵੇਰ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਭਾਣਜੇ ਕਰਨਵੀਰ ਸਿੰਘ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਦੱਸਿਆ ਗਿਆ ਹੈ ਕਿ ਹਮਲਾਵਰਾਂ ਵੱਲੋਂ ਉਨ੍ਹਾਂ ਨੂੰ ਸਿਰ ਤੋਂ ਫੜ ਕੇ ਜ਼ਮੀਨ ’ਤੇ ਸੁੱਟਿਆ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਹਮਲੇ ਵਿੱਚ ਪ੍ਰਧਾਨ ਦੇ ਅੰਦਰੂਨੀ ਸੱਟਾਂ ਲੱਗਣ ਦੀ ਗੱਲ ਕਹੀ ਗਈ ਹੈ।

ਜਾਣਕਾਰੀ ਅਨੁਸਾਰ ਇਹ ਵਿਵਾਦ 18 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਜਗਰਾਤੇ ਨੂੰ ਲੈ ਕੇ ਸ਼ੁਰੂ ਹੋਇਆ। ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਜਨਮ ਅਸ਼ਟਮੀ ਮੌਕੇ ਪਿਛਲੇ 35-40 ਸਾਲਾਂ ਤੋਂ ਲਗਾਤਾਰ ਜਗਰਾਤਾ ਕਰਵਾਇਆ ਜਾਂਦਾ ਹੈ। ਇਸ ਵਾਰ ਕੁਝ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੋਲ ਜਗਰਾਤਾ ਕਰਵਾਉਣ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ। ਪ੍ਰਧਾਨ ਵੱਲੋਂ ਕਥਿਤ ਤੌਰ ’ਤੇ ਕਿਹਾ ਗਿਆ ਕਿ ਇਹ ਜਗਰਾਤਾ ਕਈ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ ਅਤੇ ਇਸ ਨੂੰ ਰੋਕਣਾ ਉਨ੍ਹਾਂ ਦੇ ਅਧਿਕਾਰ ਵਿੱਚ ਨਹੀਂ ਹੈ।

ਇਸ ਤੋਂ ਬਾਅਦ ਅਗਲੇ ਦਿਨ ਸਵੇਰੇ ਹਮਲੇ ਦੀ ਘਟਨਾ ਵਾਪਰਨ ਦਾ ਦੋਸ਼ ਲਗਾਇਆ ਗਿਆ ਹੈ। ਸਤਨਾਮ ਸਿੰਘ ਤੇ ਉਸਦੇ ਸਾਥੀਆਂ ਵੱਲੋਂ ਕਿਰਪਾਨਾਂ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਭਾਣਜੇ ’ਤੇ ਜਾਨਲੇਵਾ ਹਮਲਾ ! ਮਾਮਲੇ ਵਿੱਚ ਸਤਨਾਮ ਸਿੰਘ ਸਮੇਤ ਕੁਝ ਵਿਅਕਤੀਆਂ ਦੇ ਨਾਮ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਅੰਦਰ ਬਣੀਆਂ ਦੁਕਾਨਾਂ ਅਤੇ ਕਥਿਤ ਕਬਜ਼ੇ ਨੂੰ ਲੈ ਕੇ ਵੀ ਲੰਮੇ ਸਮੇਂ ਤੋਂ ਵਿਵਾਦ ਚੱਲਣ ਦੀ ਗੱਲ ਕਹੀ ਗਈ ਹੈ।

ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਇੱਕ ਦੁਕਾਨ ਦਾ ਕਿਰਾਇਆ ਵੀ ਕਥਿਤ ਤੌਰ ’ਤੇ ਅਦਾ ਨਹੀਂ ਕੀਤਾ ਜਾ ਰਿਹਾ ਅਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ’ਤੇ ਕਬਜ਼ਾ ਹੋਣ ਦੀ ਸ਼ਿਕਾਇਤ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ। ਕਰੀਬ ਡੇਢ ਸਾਲ ਪਹਿਲਾਂ ਵੀ ਇਹ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਸਮੇਂ ਵੀ ਕਥਿਤ ਕਬਜ਼ਾ ਹਟਾਉਣ ਦੀ ਮੰਗ ਕੀਤੀ ਗਈ ਸੀ। ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਉਸ ਸਮੇਂ ਕਮਰੇ ਵਿੱਚੋਂ ਕੁਝ ਇਤਰਾਜ਼ਯੋਗ ਸਮਾਨ ਮਿਲਣ ਦੀ ਗੱਲ ਵੀ ਸਾਹਮਣੇ ਆਈ ਸੀ, ਪਰ ਉਨ੍ਹਾਂ ਅਨੁਸਾਰ ਮਾਮਲੇ ’ਤੇ ਉਮੀਦ ਮੁਤਾਬਕ ਕਾਰਵਾਈ ਨਹੀਂ ਹੋਈ। ਕਿਰਾਇਆ ਮੰਗਣ ਨੂੰ ਲੈ ਕੇ ਕਥਿਤ ਤੌਰ ’ਤੇ ਧਮਕੀਆਂ ਦੇਣ ਦੇ ਦੋਸ਼ ਵੀ ਲਗਾਏ ਗਏ ਹਨ।

ਇਸ ਘਟਨਾ ’ਤੇ ਹਰਪਾਲ ਸਿੰਘ ਚੱਢਾ ਨੇ ਸਖ਼ਤ ਦੁੱਖ ਅਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ’ਤੇ ਹੋਇਆ ਹਮਲਾ ਬੇਹੱਦ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਨਾ ਹੋਈ ਤਾਂ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ।

ਪੁਲਿਸ ਵੱਲੋਂ ਇਸ ਮਾਮਲੇ ਵਿੱਚ ਧਾਰਾ 115(2), 126(2), 351(2), 191(3) ਅਤੇ 190 ਤਹਿਤ ਕੇਸ ਦਰਜ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਮਾਮਲੇ ਦੀ ਅਗਲੀ ਕਾਰਵਾਈ ਪੁਲਿਸ ਜਾਂਚ ਤੋਂ ਬਾਅਦ ਸਪੱਸ਼ਟ ਹੋਵੇਗੀ।

ਇਸ ਮਾਮਲੇ ਵਿੱਚ ਮਨਜੀਤ ਸਿੰਘ ਟੀਟੂ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿੱਡਕੀ, ਕਵਲਜੀਤ ਸਿੰਘ ਓਬਰਾਏ, ਬਚਨ ਸਿੰਘ ਕਾਦੀਆਂ, ਜਸਬੀਰ ਸਿੰਘ ਸਚਦੇਵਾ, ਹਰਬੰਸ ਸਿੰਘ, ਕਰਨਬੀਰ ਸਿੰਘ ਨਿਹੰਗ, ਸੁਰਿੰਦਰ ਸਿੰਘ ਸ਼ਿੰਦਾ, ਸੁਰਿੰਦਰ ਸਿੰਘ ਹਾਂਸ, ਕੁਲਵਿੰਦਰ ਸਿੰਘ ਚੀਮਾ, ਹਰਵਿੰਦਰ ਸਿੰਘ ਭਿੰਦਾ, ਕੇਵਲ ਕ੍ਰਿਸ਼ਨ, ਸੁਭਾਸ਼ ਗੋਰੀਆ, ਗੁਰਜੀਤ ਸਿੰਘ ਪੋਪਲੀ, ਹਰਜੀਤ ਸਿੰਘ, ਅਰਵਿੰਦਰ ਸਿੰਘ ਬਵੇਜਾ, ਕੌਂਸਲਰ ਸ਼ਾਲੂ ਜਰੇਵਾਲ, ਅਮਰਪ੍ਰੀਤ ਸਿੰਘ ਰਿੰਕੂ, ਗਗਨ ਨਾਰੰਗ, ਇੰਦਰਜੀਤ ਸਿੰਘ ਬੱਬਰ, ਗੁਰਸ਼ਰਨ ਸਿੰਘ ਸ਼ਨੂੰ ਅਤੇ ਅਰਸ਼ਦੀਪ ਸਿੰਘ ਕਾਲੜਾ ਸਮੇਤ ਹੋਰ ਸਿੱਖ ਆਗੂਆਂ ਵੱਲੋਂ ਵੀ ਘਟਨਾ ’ਤੇ ਚਿੰਤਾ ਪ੍ਰਗਟ ਕੀਤੀ ਗਈ।