ਕਾਹਨੂੰਵਾਨ (ਵਿੱਕੀ ਸੂਰੀ) : ਜ਼ਿਲ੍ਹਾ ਗੁਰਦਾਸਪੁਰ ਨੂੰ ਹੁਸ਼ਿਆਰਪੁਰ ਨਾਲ ਜੋੜਨ ਵਾਲੇ ਬਿਆਸ ਦਰਿਆ ‘ਤੇ ਸਥਿਤ ਧਨੋਆ ਪੱਤਣ ਪੁਲ ਦੇ ਇਕ ਸਪੈਨ ’ਚ ਤਰੇੜ ਪੈ ਗਈ ਹੈ। ਬਿਆਸ ਦਰਿਆ ਦਾ ਪਾਣੀ ਪੁਲ ਹੇਠਾਂ ਤੋਂ ਤੇਜ਼ੀ ਨਾਲ ਵਹਿਣ ਕਾਰਨ ਪ੍ਰਸ਼ਾਸਨ ਨੇ ਪੁਲ਼ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਪੁਲ਼ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਲਈ ਮੁਸ਼ਕਲਾਂ ਪੈਦਾ ਹੋ ਗਈਆਂ ਹਨ। ਸਪੈਨ ’ਚ ਤਰੇੜ ਦਾ ਪਤਾ ਲੱਗਦੇ ਹੀ ਲੋਕ ਵੱਡੀ ਗਿਣਤੀ ’ਚ ਪੁਲ ‘ਤੇ ਪਹੁੰਚ ਗਏ। ਫਿਲਹਾਲ ਪ੍ਰਸ਼ਾਸਨ ਸਕੂਲ ਬੱਸਾਂ ਨੂੰ ਪੁਲ਼ ਤੋਂ ਲੰਘਣ ਦੀ ਆਗਿਆ ਦੇ ਰਿਹਾ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲਿਸ ਨੇ ਸਵੇਰੇ ਹੀ ਤਰੇੜ ਦੇਖ ਕੇ ਆਵਾਜਾਈ ਨੂੰ ਰੋਕ ਦਿੱਤਾ ਸੀ। ਪੁਲ਼ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮੁਕੇਰੀਆਂ ਦੇ ਐੱਸਐੱਚਓ ਤੋਂ ਇਲਾਵਾ, ਡੀਐੱਸਪੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਮੌਕੇ ਦਾ ਮੁਆਇਨਾ ਕੀਤਾ। ਇਸ ਵੇਲੇ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਧਿਆਨਦੇਣਯੋਗ ਹੈ ਕਿ ਸਾਲ 2016 ’ਚ ਉਸ ਸਮੇਂ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ 48 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੁਲ਼ ਬਣਾਇਆ ਸੀ। ਇਸ ਪੁਲ਼ ਦਾ ਜ਼ਿਆਦਾਤਰ ਹਿੱਸਾ ਹੁਸ਼ਿਆਰਪੁਰ ਜ਼ਿਲ੍ਹੇ ’ਚ ਪੈਂਦਾ ਹੈ। ਇਸ ਵੇਲੇ ਦਰਿਆ ਵਿੱਚ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ ਜਿਸ ਕਾਰਨ ਥੰਮ੍ਹਾਂ ਅਤੇ ਹੋਰ ਸਪੈਨ ਨੂੰ ਨੁਕਸਾਨ ਪਹੁੰਚ ਸਕਦਾ ਹੈ। ਪੁਲ ਦੇ ਸਪੈਨਾਂ ਵਿਚਕਾਰ ਦਰਾੜ ਦੋ ਇੰਚ ਦੀ ਹੈ ਪਰ ਜਿਸ ਥਾਂ ‘ਤੇ ਪੁਲ ਪ੍ਰਭਾਵਿਤ ਹੋਇਆ ਹੈ, ਉੱਥੇ ਦਰਾੜ ਛੇ ਇੰਚ ਹੋ ਗਈ ਹੈ। ਬੱਸ ਚਾਲਕਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਬੱਚਿਆਂ ਦੀਆਂ ਬੱਸਾਂ ਦੀ ਆਵਾਜਾਈ ਬਾਰੇ ਸੋਚਣਾ ਪਵੇਗਾ। ਦੂਜੇ ਪਾਸੇ ਬੀ ਐਂਡ ਆਰ ਦੇ ਐੱਸਡੀਓ ਲਵਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੰਜੀਨੀਅਰਾਂ ਦੀ ਟੀਮ ਵੱਲੋਂ ਇਸ ਦਾ ਮੁਆਇਨਾ ਕਰਨ ਤੋਂ ਬਾਅਦ ਹੀ ਸਥਿਤੀ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ।