
Skip to content

2,500 ਤੋਂ ਵੱਧ ਲੋਕ ਲਾਪਤਾ, 8,730 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ; ਲਾਪਤਾ ਲੋਕਾਂ ’ਚ 238 ਵਿਦਿਆਰਥੀ ਤੇ 18 ਅਧਿਆਪਕ ਵੀ ਸ਼ਾਮਲ
ਅਮਿਤ ਨੱਖਵਾਲ/ਕਾਠਮੰਡੂ: ਨੇਪਾਲ ਵਿੱਚ ਆਏ ਵਿਨਾਸ਼ਕਾਰੀ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 804 ਹੋ ਗਈ ਹੈ, ਜਦਕਿ 2,500 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਹੜ੍ਹ ਪ੍ਰਭਾਵਿਤ ਸਾਰੇ ਅੱਠ ਜ਼ਿਲ੍ਹਿਆਂ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਆਫ਼ਤ ਦੇ ਪੰਜਵੇਂ ਦਿਨ ਵੀ ਬਚਾਅ ਕਰਮਚਾਰੀਆਂ ਵੱਲੋਂ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੜ੍ਹ ਅਤੇ ਮਲਬੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਜਾਣਕਾਰੀ ਮੁਤਾਬਕ 26 ਅਗੱਸਤ ਨੂੰ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਇੱਕ ਗਲੇਸ਼ੀਅਰ ਟੁੱਟਣ ਤੋਂ ਬਾਅਦ ਪਾਣੀ, ਚਿੱਕੜ ਅਤੇ ਮਲਬੇ ਦਾ ਤੇਜ਼ ਵਹਾਅ ਹੇਠਾਂ ਵੱਲ ਆ ਗਿਆ। ਇਸ ਕਾਰਨ ਮੱਧ ਨੇਪਾਲ ਦੇ ਕਈ ਕਸਬਿਆਂ ਅਤੇ ਪਿੰਡਾਂ ਵਿੱਚ ਭਾਰੀ ਤਬਾਹੀ ਹੋਈ। ਇਸ ਆਫ਼ਤ ਨਾਲ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਪਣ-ਬਿਜਲੀ ਸਟੇਸ਼ਨ ਵੀ ਤਬਾਹ ਹੋ ਗਏ।
ਰਾਸ਼ਟਰੀ ਆਫ਼ਤ ਜੋਖ਼ਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (ਐਨਡੀਆਰਆਰਐਮਏ) ਅਨੁਸਾਰ ਹੁਣ ਤੱਕ ਚਿਤਵਾਨ ਜ਼ਿਲ੍ਹੇ ਤੋਂ 264, ਨਵਲਪਰਾਸੀ ਪੂਰਬ ਤੋਂ 194, ਨਵਲਪਰਾਸੀ ਪੱਛਮੀ ਤੋਂ 100 ਅਤੇ ਗੋਰਖਾ ਤੋਂ 58 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਨੁਵਾਕੋਟ ਤੋਂ 52, ਧਾਡਿੰਗ ਤੋਂ 50, ਤਨਾਹੂ ਤੋਂ 37 ਅਤੇ ਰਸੁਵਾ ਤੋਂ 13 ਲਾਸ਼ਾਂ ਮਿਲੀਆਂ ਹਨ। ਐਨਡੀਆਰਆਰਐਮਏ ਮੁਤਾਬਕ ਆਫ਼ਤ ਤੋਂ ਬਾਅਦ 2,502 ਲੋਕ ਅਜੇ ਵੀ ਲਾਪਤਾ ਹਨ, ਜਦਕਿ 8,730 ਲੋਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ।
ਨੇਪਾਲ ਦੇ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਮੁੱਢਲੇ ਅੰਕੜਿਆਂ ਅਨੁਸਾਰ ਲਾਪਤਾ ਲੋਕਾਂ ਵਿੱਚ ਹੜ੍ਹ ਪ੍ਰਭਾਵਿਤ ਤਿੰਨ ਜ਼ਿਲ੍ਹਿਆਂ ਦੇ ਵੱਖ-ਵੱਖ ਸਕੂਲਾਂ ਦੇ 238 ਵਿਦਿਆਰਥੀ ਅਤੇ 18 ਅਧਿਆਪਕ ਵੀ ਸ਼ਾਮਲ ਹਨ।
ਰਿਪੋਰਟ:- ਅਮਿਤ ਨੱਖਵਾਲ
Related