
Skip to content

ਗੋਗੀ ਗੈਂਗ ਨਾਲ ਜੁੜੇ ਦੱਸੇ ਜਾ ਰਹੇ ਦੋ ਸ਼ੂਟਰ ਸੁਮਿਤ ਤੇ ਮੋਹਿਤ ਪੁਲਿਸ ਮੁਕਾਬਲੇ ’ਚ ਮਾਰੇ ਗਏ, ਦੋ ਸਾਥੀ ਫਰਾਰ
ਸ਼ਾਮਲੀ/ਅਮਿਤ ਨੱਖਵਾਲ: ਯੂਪੀ ਪੁਲਿਸ ਨੇ ਹਰਿਆਣਵੀ ਗਾਇਕ ਅੰਕਿਤ ਬਾਲੀਯਾਨ ਦੀ ਹੱਤਿਆ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਕਥਿਤ ਤੌਰ ’ਤੇ ਵਾਰਦਾਤ ਵਿੱਚ ਸ਼ਾਮਲ ਦੋ ਸ਼ੂਟਰਾਂ ਦਾ ਐਨਕਾਊਂਟਰ ਕੀਤਾ ਹੈ। ਪੁਲਿਸ ਮੁਤਾਬਕ ਮਾਰੇ ਗਏ ਬਦਮਾਸ਼ਾਂ ਦੀ ਪਛਾਣ ਸੁਮਿਤ ਅਤੇ ਮੋਹਿਤ ਵਜੋਂ ਹੋਈ ਹੈ, ਜੋ ਸੋਨੀਪਤ ਦੇ ਰਹਿਣ ਵਾਲੇ ਦੱਸੇ ਗਏ ਹਨ। ਦੋਵਾਂ ’ਤੇ 50-50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਸ਼ਾਮਲੀ ਦੇ ਐਸ.ਪੀ. ਨਰਿੰਦਰ ਪ੍ਰਤਾਪ ਸਿੰਘ ਅਨੁਸਾਰ, ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਸ਼ੂਟਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਸੋਨੀਪਤ ਵੱਲ ਜਾ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਇੰਡਸਟਰੀਅਲ ਥਾਣਾ ਖੇਤਰ ਵਿੱਚ ਉਨ੍ਹਾਂ ਨੂੰ ਘੇਰ ਲਿਆ। ਪੁਲਿਸ ਦਾ ਦਾਅਵਾ ਹੈ ਕਿ ਫੜੇ ਜਾਣ ਦੇ ਡਰੋਂ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ।
ਪੁਲਿਸ ਮੁਤਾਬਕ ਦੋਵਾਂ ਪਾਸਿਆਂ ਤੋਂ ਕਰੀਬ 20 ਰਾਊਂਡ ਫਾਇਰ ਹੋਏ। ਗੋਲੀਬਾਰੀ ਦੌਰਾਨ ਸੁਮਿਤ ਅਤੇ ਮੋਹਿਤ ਨੂੰ ਗੋਲੀਆਂ ਲੱਗੀਆਂ। ਪੁਲਿਸ ਦੋਵਾਂ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ, ਪੰਜ ਦਿਨ ਪਹਿਲਾਂ ਅੰਕਿਤ ਬਾਲੀਯਾਨ ਦੀ ਇੱਕ ਜਿਮ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਵਿੱਚ ਸੁਮਿਤ ਅਤੇ ਮੋਹਿਤ ਸਮੇਤ ਚਾਰ ਲੋਕ ਸ਼ਾਮਲ ਸਨ ਅਤੇ ਇਹ ਦੋਵੇਂ ਕਥਿਤ ਤੌਰ ’ਤੇ ਗੋਗੀ ਗੈਂਗ ਨਾਲ ਜੁੜੇ ਸ਼ੂਟਰ ਸਨ।
ਮਾਮਲੇ ਵਿੱਚ ਨਾਮਜ਼ਦ ਦੱਸੇ ਜਾ ਰਹੇ ਦੋ ਹੋਰ ਸਾਥੀ ਸਤਿਅਮ ਅਤੇ ਆਰੀਅਨ ਅਜੇ ਫਰਾਰ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਜਾਰੀ ਹੈ।
ਰਿਪੋਰਟ:- ਅਮਿਤ ਨੱਖਵਾਲ
Related