1991 ’ਚ 62.95 ਫੀਸਦੀ ਸੀ ਸਿੱਖ ਆਬਾਦੀ, 2011 ’ਚ ਘਟ ਕੇ 57.7 ਫੀਸਦੀ ਹੋਈ — ਘੱਟ ਪ੍ਰਜਨਨ ਦਰ ਅਤੇ ਵਿਦੇਸ਼ਾਂ ਵੱਲ ਵਧਦਾ ਪ੍ਰਵਾਸ ਮੁੱਖ ਕਾਰਨਾਂ ’ਚ ਸ਼ਾਮਲ

ਚੰਡੀਗੜ੍ਹ/ਅਮਿਤ ਨੱਖਵਾਲ: ਪੰਜਾਬ ਦੀ ਜਨਸੰਖਿਆ ਦੇ ਅੰਕੜਿਆਂ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲਿਆ ਹੈ। ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਸਿੱਖ ਆਬਾਦੀ ਦੀ ਹਿੱਸੇਦਾਰੀ ਲਗਾਤਾਰ ਘਟੀ ਹੈ। ਸਾਲ 1991 ਵਿੱਚ ਸੂਬੇ ਦੀ ਕੁੱਲ ਆਬਾਦੀ ਵਿੱਚ ਸਿੱਖਾਂ ਦੀ ਹਿੱਸੇਦਾਰੀ 62.95 ਫੀਸਦੀ ਸੀ, ਜੋ 2001 ਵਿੱਚ ਘਟ ਕੇ 59.9 ਫੀਸਦੀ ਅਤੇ 2011 ਵਿੱਚ 57.7 ਫੀਸਦੀ ਰਹਿ ਗਈ।

ਇਸਦੇ ਉਲਟ ਪੰਜਾਬ ਵਿੱਚ ਹਿੰਦੂ ਆਬਾਦੀ ਦੀ ਹਿੱਸੇਦਾਰੀ ਵਿੱਚ ਵਾਧਾ ਦਰਜ ਕੀਤਾ ਗਿਆ। 1991 ਵਿੱਚ ਹਿੰਦੂ ਆਬਾਦੀ 34.46 ਫੀਸਦੀ ਸੀ, ਜੋ 2001 ਵਿੱਚ ਵੱਧ ਕੇ 36.9 ਫੀਸਦੀ ਅਤੇ 2011 ਵਿੱਚ 38.5 ਫੀਸਦੀ ਹੋ ਗਈ।

ਸਿੱਖ ਆਬਾਦੀ ਦੀ ਵਾਧਾ ਦਰ ਵੀ ਘਟੀ

2011 ਦੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿੱਚ ਲਗਭਗ 2.08 ਕਰੋੜ ਸਿੱਖ ਸਨ, ਜੋ ਦੇਸ਼ ਦੀ ਕੁੱਲ ਆਬਾਦੀ ਦਾ ਕਰੀਬ 1.7 ਫੀਸਦੀ ਬਣਦੇ ਸਨ। ਅੰਕੜਿਆਂ ਅਨੁਸਾਰ ਸਿੱਖ ਆਬਾਦੀ ਦੀ ਵਾਧਾ ਦਰ 1991 ਵਿੱਚ 24.3 ਫੀਸਦੀ ਤੋਂ ਘਟ ਕੇ 2001 ਵਿੱਚ 18.2 ਫੀਸਦੀ ਅਤੇ 2011 ਵਿੱਚ ਸਿਰਫ਼ 8.4 ਫੀਸਦੀ ਰਹਿ ਗਈ।

ਸਿੱਖ ਭਾਈਚਾਰੇ ਵਿੱਚ ਘਟ ਰਹੀ ਆਬਾਦੀ ਨੂੰ ਲੈ ਕੇ ਧਾਰਮਿਕ ਪੱਧਰ ’ਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਜੋੜਿਆਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਆਬਾਦੀ ਦੇ ਵਾਧੇ ਦੇ ਮਾਮਲੇ ਵਿੱਚ ਹੋਰ ਭਾਈਚਾਰਿਆਂ ਦੇ ਮੁਕਾਬਲੇ ਪਿੱਛੇ ਰਹਿ ਰਿਹਾ ਹੈ।

ਵਿਦੇਸ਼ ਪ੍ਰਵਾਸ ਵੀ ਵੱਡਾ ਕਾਰਨ

ਪਟਿਆਲਾ ਦੇ ਘਨੌਰ ਸਥਿਤ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਮੁਤਾਬਕ ਸਿੱਖਾਂ, ਖਾਸ ਕਰਕੇ ਜੱਟ ਸਿੱਖ ਖੇਤੀਬਾੜੀ ਭਾਈਚਾਰੇ ਦੇ ਲੋਕਾਂ ਦਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂ.ਕੇ. ਵੱਲ ਵੱਡੇ ਪੱਧਰ ’ਤੇ ਪ੍ਰਵਾਸ ਵੀ ਪੰਜਾਬ ਦੀ ਜਨਸੰਖਿਆ ਵਿੱਚ ਹੋ ਰਹੇ ਬਦਲਾਅ ਦਾ ਇੱਕ ਅਹਿਮ ਕਾਰਨ ਹੈ।

ਉਨ੍ਹਾਂ ਅਨੁਸਾਰ ਪੰਜਾਬ ਤੋਂ ਸਿੱਖਾਂ ਦਾ ਵਿਦੇਸ਼ ਜਾਣਾ ਲਗਾਤਾਰ ਜਾਰੀ ਹੈ, ਜਦਕਿ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਪੰਜਾਬ ਵਿੱਚ ਆ ਕੇ ਵੱਸ ਰਹੇ ਹਨ। ਇਸ ਕਾਰਨ ਸੂਬੇ ਦੀ ਧਾਰਮਿਕ ਜਨਸੰਖਿਆ ਦੇ ਅਨੁਪਾਤ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਘੱਟ ਪ੍ਰਜਨਨ ਦਰ ਵੀ ਚਿੰਤਾ ਦਾ ਵਿਸ਼ਾ

ਸਮਾਜ ਸ਼ਾਸਤਰੀ ਦੀਪਾਂਕਰ ਗੁਪਤਾ ਨੇ ਸਿੱਖ ਭਾਈਚਾਰੇ ਵਿੱਚ ਘੱਟ ਰਹੀ ਪ੍ਰਜਨਨ ਦਰ ਨੂੰ ਇਸ ਬਦਲਾਅ ਨਾਲ ਜੋੜਿਆ ਹੈ। ਉਨ੍ਹਾਂ ਮੁਤਾਬਕ ਸਿੱਖ ਭਾਈਚਾਰੇ ਵਿੱਚ, ਖਾਸ ਕਰਕੇ ਔਰਤਾਂ ਵਿੱਚ, ਸਿੱਖਿਆ ਅਤੇ ਜਾਗਰੂਕਤਾ ਦੇ ਵਧਦੇ ਪੱਧਰ ਦੇ ਨਾਲ ਪਰਿਵਾਰ ਦਾ ਆਕਾਰ ਵੀ ਛੋਟਾ ਹੋਇਆ ਹੈ। ਦੇਰ ਨਾਲ ਵਿਆਹ ਕਰਵਾਉਣ ਦੀ ਪ੍ਰਵਿਰਤੀ ਵੀ ਘੱਟ ਜਨਮ ਦਰ ਦਾ ਇੱਕ ਕਾਰਨ ਦੱਸੀ ਗਈ ਹੈ।

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 (2019-21) ਦੇ ਅੰਕੜਿਆਂ ਅਨੁਸਾਰ ਸਿੱਖਾਂ ਵਿੱਚ ਕੁੱਲ ਪ੍ਰਜਨਨ ਦਰ ਪ੍ਰਤੀ ਔਰਤ 1.61 ਬੱਚੇ ਰਹਿ ਗਈ ਹੈ, ਜੋ 2.1 ਦੇ ਰਿਪਲੇਸਮੈਂਟ ਲੈਵਲ ਤੋਂ ਕਾਫ਼ੀ ਘੱਟ ਹੈ। 1992-93 ਵਿੱਚ ਇਹ ਦਰ ਲਗਭਗ 2.9 ਦਰਜ ਕੀਤੀ ਗਈ ਸੀ।

ਧਾਰਮਿਕ ਅਤੇ ਰਾਜਨੀਤਿਕ ਪ੍ਰਭਾਵ ਦੀ ਚਿੰਤਾ

ਜੀ.ਐੱਨ.ਡੀ.ਯੂ. ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਿੱਖ ਆਬਾਦੀ ਦੀ ਘਟਦੀ ਹਿੱਸੇਦਾਰੀ ਭਵਿੱਖ ਵਿੱਚ ਧਾਰਮਿਕ ਅਤੇ ਰਾਜਨੀਤਿਕ ਮਾਹੌਲ ’ਤੇ ਪ੍ਰਭਾਵ ਪਾ ਸਕਦੀ ਹੈ।

ਉਨ੍ਹਾਂ ਮੁਤਾਬਕ ਸਿੱਖ ਸੰਸਥਾਵਾਂ ਦੀ ਤਾਕਤ ਵੱਡੇ ਪੱਧਰ ’ਤੇ ਭਾਈਚਾਰੇ ਦੀ ਗਿਣਤੀ, ਇਕਜੁੱਟਤਾ ਅਤੇ ਭਾਗੀਦਾਰੀ ਨਾਲ ਜੁੜੀ ਹੋਈ ਹੈ। ਲੋਕਤੰਤਰ ਵਿੱਚ ਆਬਾਦੀ ਦਾ ਅੰਕੜਾ ਰਾਜਨੀਤਿਕ ਪ੍ਰਭਾਵ ਨਾਲ ਵੀ ਸਿੱਧਾ ਸਬੰਧ ਰੱਖਦਾ ਹੈ। ਇਸ ਲਈ ਸਿੱਖ ਨੌਜਵਾਨਾਂ ਦੀ ਘਟਦੀ ਗਿਣਤੀ ਭਵਿੱਖ ਵਿੱਚ ਧਾਰਮਿਕ ਅਤੇ ਰਾਜਨੀਤਿਕ ਭਾਗੀਦਾਰੀ ਲਈ ਚੁਣੌਤੀ ਬਣ ਸਕਦੀ ਹੈ।

ਜੀ.ਐੱਨ.ਡੀ.ਯੂ. ਦੇ ਮਾਨਵਤਾ ਅਤੇ ਧਾਰਮਿਕ ਅਧਿਐਨ ਫੈਕਲਟੀ ਦੇ ਡੀਨ ਡਾ. ਅਮਰਜੀਤ ਸਿੰਘ ਨੇ ਵੀ ਪੰਜਾਬ ਦੀ ਘੱਟ ਪ੍ਰਜਨਨ ਦਰ ਅਤੇ ਸਿਹਤ ਸਬੰਧੀ ਚਿੰਤਾਵਾਂ ਨੂੰ ਇਸ ਮਾਮਲੇ ਨਾਲ ਜੋੜਿਆ ਹੈ।

ਰਿਪੋਰਟ:- ਅਮਿਤ ਨੱਖਵਾਲ