ਮੀਂਹ ਤੇ ਹਨ੍ਹੇਰੇ ’ਚ ਲਿਫਟ ਲੈਣਾ ਪਿਆ ਮਹਿੰਗਾ, ਡਰਾਇਵਰ ਤੇ ਕੰਡਕਟਰ ਗ੍ਰਿਫ਼ਤਾਰ; ਬੱਸ ਪੁਲਿਸ ਨੇ ਕਬਜ਼ੇ ’ਚ ਲਈ
ਨਵੀਂ ਦਿੱਲੀ/ਅਮਿਤ ਨੱਖਵਾਲ: ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ 16 ਸਾਲਾ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਇੱਕ ਸਲੀਪਰ ਬੱਸ ਅੰਦਰ ਦੋ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਸਮੂਹਿਕ ਜ਼ਬਰਜਨਾਹ ਕੀਤਾ ਗਿਆ। ਮਾਮਲੇ ਵਿੱਚ ਬੱਸ ਦੇ ਡਰਾਇਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਵਿਦਿਆਰਥਣ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਨਾਲ ਸਬੰਧਤ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਹੋਏ ਝਗੜੇ ਤੋਂ ਬਾਅਦ ਉਹ ਪਰਿਵਾਰ ਨੂੰ ਬਿਨਾਂ ਦੱਸੇ ਰਾਤ ਸਮੇਂ ਘਰੋਂ ਬਾਹਰ ਨਿਕਲ ਗਈ। ਉਸ ਵੇਲੇ ਮੌਸਮ ਖਰਾਬ ਸੀ ਅਤੇ ਭਾਰੀ ਮੀਂਹ ਪੈ ਰਿਹਾ ਸੀ। ਹਨ੍ਹੇਰੇ ਕਾਰਨ ਉਹ ਕਥਿਤ ਤੌਰ ’ਤੇ ਰਸਤਾ ਭਟਕ ਗਈ ਅਤੇ ਪਰੀ ਚੌਂਕ ਇਲਾਕੇ ਵਿੱਚ ਪਹੁੰਚ ਗਈ।
ਇਸ ਦੌਰਾਨ ਵਿਦਿਆਰਥਣ ਨੇ ਇੱਕ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਅਨੁਸਾਰ ਬੱਸ ਖਾਲੀ ਸੀ ਅਤੇ ਉਸ ਵਿੱਚ ਸਿਰਫ਼ ਡਰਾਇਵਰ ਅਤੇ ਕੰਡਕਟਰ ਮੌਜੂਦ ਸਨ। ਦੋਸ਼ ਹੈ ਕਿ ਬੱਸ ਰੁਕਣ ਤੋਂ ਬਾਅਦ ਕੰਡਕਟਰ ਨੇ ਨਾਬਾਲਗ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਬਾਅਦ ਵਿੱਚ ਦੋਵਾਂ ਮੁਲਜ਼ਮਾਂ ਨੇ ਉਸ ਨਾਲ ਜ਼ਬਰਦਸਤੀ ਕੀਤੀ। ਵਿਰੋਧ ਕਰਨ ’ਤੇ ਉਸ ਨੂੰ ਧਮਕਾਇਆ ਗਿਆ।
ਪੁਲਿਸ ਮੁਤਾਬਕ ਇਸ ਤੋਂ ਬਾਅਦ ਦੋਵੇਂ ਮੁਲਜ਼ਮ ਵਿਦਿਆਰਥਣ ਨੂੰ ਕਸ਼ਮੀਰੀ ਗੇਟ ਬੱਸ ਅੱਡੇ ਨੇੜੇ ਰਿੰਗ ਰੋਡ ’ਤੇ ਛੱਡ ਕੇ ਉਥੋਂ ਚਲੇ ਗਏ। ਘਟਨਾ ਤੋਂ ਬਾਅਦ ਡਰੀ ਹੋਈ ਵਿਦਿਆਰਥਣ ਨੇ ਕਸ਼ਮੀਰੀ ਗੇਟ ਪੁਲਿਸ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਦਿੱਤੀ।
ਦੋਵੇਂ ਮੁਲਜ਼ਮ ਗ੍ਰਿਫ਼ਤਾਰ, ਬੱਸ ਦੀ ਫੋਰੈਂਸਿਕ ਜਾਂਚ
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਡਰਾਇਵਰ ਕੁਲਦੀਪ ਤੇ ਕੰਡਕਟਰ ਸੰਦੀਪ ਨੂੰ ਟਿਮਾਰਪੁਰ ਸਥਿਤ ਬੱਸ ਪਾਰਕਿੰਗ ਤੋਂ ਕਾਬੂ ਕਰ ਲਿਆ। ਪੁਲਿਸ ਨੇ ਘਟਨਾ ਵਿੱਚ ਵਰਤੀ ਗਈ ਬੱਸ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਇਸ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਘਟਨਾ ਵਾਲੇ ਦਿਨ ਬੱਸ ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਦੋਵੇਂ ਮੁਲਜ਼ਮ ਬੱਸ ਨੂੰ ਮੁਰੰਮਤ ਲਈ ਸੂਰਜਪੁਰ ਦੀ ਇੱਕ ਵਰਕਸ਼ਾਪ ਵਿੱਚ ਲੈ ਕੇ ਗਏ ਸਨ। ਮੁਰੰਮਤ ਤੋਂ ਬਾਅਦ ਵਾਪਸੀ ਦੌਰਾਨ ਰਸਤੇ ਵਿੱਚ ਉਨ੍ਹਾਂ ਦੀ ਮੁਲਾਕਾਤ ਵਿਦਿਆਰਥਣ ਨਾਲ ਹੋਈ। ਪੁਲਿਸ ਇਸ ਪੂਰੇ ਘਟਨਾਕ੍ਰਮ ਨਾਲ ਜੁੜੇ ਸਬੂਤ ਇਕੱਠੇ ਕਰ ਰਹੀ ਹੈ।
ਦਿੱਲੀ ਦੇ ਬਵਾਨਾ ’ਚ ਛੋਟੀ ਬੱਚੀ ਨਾਲ ਕਥਿਤ ਯੌਨ ਸ਼ੋਸ਼ਣ ਦਾ ਦੂਜਾ ਮਾਮਲਾ
ਇਸੇ ਦੌਰਾਨ ਦਿੱਲੀ ਦੇ ਬਵਾਨਾ ਇਲਾਕੇ ਤੋਂ ਵੀ ਇੱਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਨ ਵਾਲੀ ਤਿੰਨ ਸਾਲਾ ਬੱਚੀ ਨਾਲ ਕਥਿਤ ਯੌਨ ਸ਼ੋਸ਼ਣ ਦੇ ਦੋਸ਼ਾਂ ਤਹਿਤ ਸਕੂਲ ਨਾਲ ਜੁੜੇ ਇੱਕ ਕੈਬ ਡਰਾਇਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਮੁਲਜ਼ਮ ਨੇ ਬੱਚੀ ਨੂੰ ਚਾਕਲੇਟ ਦੇਣ ਦਾ ਲਾਲਚ ਦਿੱਤਾ ਅਤੇ ਉਸ ਨਾਲ ਗਲਤ ਹਰਕਤ ਕੀਤੀ। ਬੱਚੀ ਦੇ ਵਿਵਹਾਰ ਵਿੱਚ ਬਦਲਾਅ ਦੇਖਣ ਤੋਂ ਬਾਅਦ ਉਸ ਦੀ ਮਾਂ ਨੇ ਪੁੱਛਗਿੱਛ ਕੀਤੀ, ਜਿਸ ਦੌਰਾਨ ਬੱਚੀ ਨੇ ਸਕੂਲ ਵਿੱਚ ਇੱਕ ਵਿਅਕਤੀ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਸਕੂਲ ਪ੍ਰਬੰਧਨ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀ ਦੀ ਪਛਾਣ ਹੋਣ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਹੁਣ ਫੁਟੇਜ ਵਿੱਚ ਨਜ਼ਰ ਆ ਰਹੇ ਹੋਰ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਅਤੇ ਕੌਂਸਲਿੰਗ ਦੇਣ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਹੀ ਹੈ।
ਦੋਵਾਂ ਮਾਮਲਿਆਂ ਵਿੱਚ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਜਾਰੀ ਹੈ।

