ਦੇਵੀ ਸਹਾਇ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌਂ ਵਿਖੇ ਮਨਾਇਆ ਪਲੈਟੀਨਮ ਜੁਬਲੀ ਸਮਾਗਮ

75 ਸਾਲ ਪੂਰੇ ਹੋਣ ’ਤੇ ਕਰਵਾਏ ਸਮਾਗਮ ਵਿੱਚ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕੀਤੀ ਸ਼ਿਰਕਤ, ਉੱਘੇ ਗਾਇਕ ਹਰਸ਼ ਸਕੰਦਰ ਨੇ ਬੰਨ੍ਹਿਆ ਰੰਗ

ਜਲੰਧਰ  (ਅਰਸ਼ਦੀਪ ਸਿੰਘ ਕਾਲੜਾ) : ਦੇਵੀ ਸਹਾਇ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ, ਬਸਤੀ ਨੌਂ, ਜਲੰਧਰ ਵਿਖੇ ਸਕੂਲ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਪਲੈਟੀਨਮ ਜੁਬਲੀ ਸਮਾਗਮ ਬੜੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

                                                       

ਸਮਾਗਮ ਦਾ ਸ਼ੁਭ ਆਰੰਭ ਸਕੂਲ ਦੇ ਪ੍ਰਧਾਨ ਨਰੇਸ਼ ਬੁੱਧੀਆ ਵੱਲੋਂ ਕੀਤਾ ਗਿਆ। ਇਸ ਮੌਕੇ ਸਕੂਲ ਦੇ ਉਪ ਪ੍ਰਧਾਨ ਵਿਨੋਦ ਦਾਦਾ, ਮੈਨੇਜਰ ਰਮਨ ਬੁੱਧੀਆ, ਕਮੇਟੀ ਮੈਂਬਰ ਸਤੀਸ਼ ਦਾਦਾ, ਰਾਘਵ ਨਰੇਸ਼ ਬੁੱਧੀਆ ਅਤੇ ਪਰਵੀਨ ਦਾਦਾ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।

ਸਕੂਲ ਦੀ ਤਰੱਕੀ ਵਿੱਚ ਪਿਛਲੇ ਸਾਲਾਂ ਦੌਰਾਨ ਅਹਿਮ ਯੋਗਦਾਨ ਪਾਉਣ ਵਾਲੇ ਸੇਵਾਮੁਕਤ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲ ਦੇ ਸਾਬਕਾ ਪ੍ਰਿੰਸੀਪਲਾਂ ਰਾਜਕੁਮਾਰ ਸ਼ਰਮਾ, ਡੀ.ਕੇ. ਜੋਸ਼ੀ ਅਤੇ ਕਿਰਨ ਅਰੋੜਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਤੰਤਰ ਪਠਾਨੀਆ ਨੇ ਸਮਾਗਮ ਦੀ ਸਫਲਤਾ ਲਈ ਸਮੂਹ ਸਟਾਫ਼, ਪ੍ਰਿੰਸੀਪਲਾਂ ਸੰਜੇ ਸ਼ਰਮਾ, ਜਗਦੀਪ ਕੌਰ ਅਤੇ ਏਕਤਾ ਅਰੋੜਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦੀ ਤਰੱਕੀ ਅਤੇ ਇਸ ਸ਼ਾਨਦਾਰ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਾਰਿਆਂ ਦਾ ਸਹਿਯੋਗ, ਮਾਰਗਦਰਸ਼ਨ ਅਤੇ ਸਮਰਪਣ ਬੇਹੱਦ ਮਹੱਤਵਪੂਰਨ ਰਿਹਾ ਹੈ।

ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ ਮੋਹਿੰਦਰ ਭਗਤ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਸਕੂਲ ਵੱਲੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ ਗਾਇਕ ਹਰਸ਼ ਸਕੰਦਰ ਦੀ ਮੌਜੂਦਗੀ ਰਹੀ। ਉਨ੍ਹਾਂ ਨੇ ਆਪਣੀ ਸੁਰੀਲੀ ਗਾਇਕੀ ਨਾਲ ਸਮਾਗਮ ਵਿੱਚ ਰੰਗ ਬੰਨ੍ਹ ਦਿੱਤਾ ਅਤੇ ਹਾਜ਼ਰ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।

ਸਕੂਲ ਦੇ ਪ੍ਰਿੰਸੀਪਲ ਸੁਤੰਤਰ ਪਠਾਨੀਆ ਨੇ ਸਮਾਗਮ ਦੀ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ, ਸਾਬਕਾ ਅਹੁਦੇਦਾਰਾਂ, ਸਾਬਕਾ ਪ੍ਰਿੰਸੀਪਲਾਂ, ਸੇਵਾਮੁਕਤ ਕਰਮਚਾਰੀਆਂ, ਅਧਿਆਪਕਾਂ ਅਤੇ ਸਮੂਹ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਅਤੇ ਅਣਥੱਕ ਮਿਹਨਤ ਸਦਕਾ ਇਹ ਸਮਾਗਮ ਸਫਲਤਾਪੂਰਵਕ ਨੇਪਰੇ ਚੜ੍ਹਿਆ।

ਇਹ ਪਲੈਟੀਨਮ ਜੁਬਲੀ ਸਮਾਗਮ ਸਕੂਲ ਦੀ 75 ਸਾਲਾਂ ਦੀ ਸ਼ਾਨਦਾਰ ਵਿੱਦਿਅਕ ਯਾਤਰਾ, ਸਮਾਜ ਪ੍ਰਤੀ ਵਚਨਬੱਧਤਾ ਅਤੇ ਉੱਜਵਲ ਭਵਿੱਖ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦਾ ਹੋਇਆ ਯਾਦਗਾਰੀ ਹੋ ਨਿਬੜਿਆ।