Skip to content
ਕੈਨੇਡਾ ਦੀ ਸਰਹੱਦ ’ਤੇ ਟਰੱਕ ’ਚੋਂ ਮਿਲੇ 52 ਸ਼ੱਕੀ ਨਸ਼ੀਲੇ ਪਦਾਰਥਾਂ ਦੇ ਪੈਕੇਟ
ਐਬਟਸਫੋਰਡ-ਹੰਟਿੰਗਡਨ ਸਰਹੱਦੀ ਪੁਆਇੰਟ ’ਤੇ ਜਾਂਚ ਦੌਰਾਨ ਹੋਈ ਸੀ ਬਰਾਮਦਗੀ, ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਨੇ ਦੋਸ਼ਾਂ ਨੂੰ ਦਿੱਤੀ ਮਨਜ਼ੂਰੀ
ਕੈਨੇਡਾ (ਅਰਸ਼ਦੀਪ ਸਿੰਘ ਕਾਲੜਾ) : ਕੈਨੇਡਾ ਵਿੱਚ ਸਰਹੱਦ ਪਾਰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਕਮਰਸ਼ੀਅਲ ਟਰੱਕ ਡਰਾਈਵਰ ਖ਼ਿਲਾਫ਼ ਚਾਰ ਅਪਰਾਧਿਕ ਦੋਸ਼ਾਂ ਨੂੰ ਰਸਮੀ ਤੌਰ ’ਤੇ ਮਨਜ਼ੂਰੀ ਦਿੱਤੀ ਗਈ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ.ਸੀ.ਐਮ.ਪੀ.) ਦੀ ਫੈਡਰਲ ਪੁਲਿਸਿੰਗ ਪੈਸੀਫਿਕ ਰੀਜਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਪੁਲਿਸ ਅਨੁਸਾਰ, ਇਹ ਮਾਮਲਾ 22 ਅਕਤੂਬਰ 2025 ਦਾ ਹੈ, ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਦੇ ਅਧਿਕਾਰੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ-ਹੰਟਿੰਗਡਨ ਸਰਹੱਦੀ ਦਾਖ਼ਲਾ ਪੁਆਇੰਟ ’ਤੇ ਇੱਕ ਕਮਰਸ਼ੀਅਲ ਟਰੱਕ ਅਤੇ ਉਸ ਦੇ ਟ੍ਰੇਲਰ ਦੀ ਤਲਾਸ਼ੀ ਲਈ ਸੀ। ਇਸ ਦੌਰਾਨ ਟਰੱਕ ਵਿੱਚੋਂ ਦੋ ਡਫਲ ਬੈਗ ਬਰਾਮਦ ਹੋਏ, ਜਿਨ੍ਹਾਂ ਵਿੱਚ ਸ਼ੱਕੀ ਨਸ਼ੀਲੇ ਪਦਾਰਥਾਂ ਦੇ 52 ਇੱਟਾਂ ਵਰਗੇ ਆਕਾਰ ਦੇ ਪੈਕੇਟ ਮਿਲੇ।
47 ਸਾਲਾ ਟਰੱਕ ਡਰਾਈਵਰ ਗ੍ਰਿਫ਼ਤਾਰ
ਆਰ.ਸੀ.ਐਮ.ਪੀ. ਮੁਤਾਬਕ, ਟਰੱਕ ਡਰਾਈਵਰ ਦੀ ਪਛਾਣ 47 ਸਾਲਾ ਖੁਸ਼ਵਿੰਦਰ ਸਿੰਘ ਗਿੱਲ ਵਜੋਂ ਹੋਈ ਹੈ, ਜੋ ਕੈਨੇਡਾ ਦਾ ਵਸਨੀਕ ਹੈ। ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਬਾਅਦ ਆਰ.ਸੀ.ਐਮ.ਪੀ. ਦੀ ਡਰੱਗਜ਼ ਐਂਡ ਆਰਗੇਨਾਈਜ਼ਡ ਕ੍ਰਾਈਮ ਗਰੁੱਪ-6 ਦੀ ਟੀਮ ਨੇ ਉਸ ਨੂੰ ਕੰਟਰੋਲਡ ਡਰੱਗਜ਼ ਐਂਡ ਸਬਸਟਾਂਸਿਜ਼ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ।
ਜਾਂਚ ਪੂਰੀ ਹੋਣ ਤੋਂ ਬਾਅਦ 19 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਦਾਲਤ ਨੇ ਗਿੱਲ ਖ਼ਿਲਾਫ਼ ਚਾਰ ਅਪਰਾਧਿਕ ਦੋਸ਼ਾਂ ਨੂੰ ਰਸਮੀ ਤੌਰ ’ਤੇ ਮਨਜ਼ੂਰੀ ਦਿੱਤੀ।
ਕੋਕੀਨ ਅਤੇ ਹੈਰੋਇਨ ਦੀ ਦਰਾਮਦ ਦੇ ਦੋਸ਼
ਮੁਲਜ਼ਮ ਖ਼ਿਲਾਫ਼ ਲਗਾਏ ਗਏ ਚਾਰ ਦੋਸ਼ਾਂ ਵਿੱਚ ਕੋਕੀਨ ਦੀ ਦਰਾਮਦ ਕਰਨਾ, ਤਸਕਰੀ ਦੇ ਮਕਸਦ ਨਾਲ ਕੋਕੀਨ ਆਪਣੇ ਕਬਜ਼ੇ ਵਿੱਚ ਰੱਖਣਾ, ਹੈਰੋਇਨ ਦੀ ਦਰਾਮਦ ਕਰਨਾ ਅਤੇ ਤਸਕਰੀ ਦੇ ਮਕਸਦ ਨਾਲ ਹੈਰੋਇਨ ਆਪਣੇ ਕਬਜ਼ੇ ਵਿੱਚ ਰੱਖਣਾ ਸ਼ਾਮਲ ਹੈ। ਇਹ ਦੋਸ਼ ਕੈਨੇਡਾ ਦੇ ਕੰਟਰੋਲਡ ਡਰੱਗਜ਼ ਐਂਡ ਸਬਸਟਾਂਸਿਜ਼ ਐਕਟ ਦੀਆਂ ਧਾਰਾਵਾਂ 6(1) ਅਤੇ 5(2) ਤਹਿਤ ਲਗਾਏ ਗਏ ਹਨ।
ਸਰਹੱਦ ’ਤੇ ਸਖ਼ਤ ਚੌਕਸੀ ’ਤੇ ਜ਼ੋਰ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਪੈਸੀਫਿਕ ਹਾਈਵੇਅ ਡਿਸਟ੍ਰਿਕਟ ਦੇ ਡਾਇਰੈਕਟਰ ਡੇਵਿਡ ਲੀ ਨੇ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਸਰਹੱਦ ’ਤੇ ਲਗਾਤਾਰ ਚੌਕਸੀ ਅਤੇ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਸੀ.ਬੀ.ਐੱਸ.ਏ. ਅਤੇ ਆਰ.ਸੀ.ਐਮ.ਪੀ. ਵਿਚਕਾਰ ਮਜ਼ਬੂਤ ਸਹਿਯੋਗ ਨੂੰ ਦਰਸਾਉਂਦੀ ਹੈ।
ਇਸੇ ਤਰ੍ਹਾਂ, ਆਰ.ਸੀ.ਐਮ.ਪੀ. ਦੀ ਡਰੱਗਜ਼ ਐਂਡ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ ਸਟਾਫ਼ ਸਰਜੈਂਟ ਐਰਿਕ ਕਿਮੂਰਾ ਨੇ ਕਿਹਾ ਕਿ ਵੱਖ-ਵੱਖ ਏਜੰਸੀਆਂ ਵੱਲੋਂ ਮਿਲ ਕੇ ਕੀਤੀ ਜਾਂਦੀ ਜਾਂਚ ਅਤੇ ਕਾਰਵਾਈ ਸਰਹੱਦੀ ਦਾਖ਼ਲਾ ਪੁਆਇੰਟਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
Related