Skip to content
ਰਾਮਲੀਲਾ ਵਿੱਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੂੰ ਕੀਤਾ ਗਿਆ ਵਿਸ਼ੇਸ਼ ਤੌਰ ’ਤੇ ਸਨਮਾਨਿਤ, ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਮੰਦਰ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਰਾਮਲੀਲਾ ਬਾਲ ਦੁਸਹਿਰਾ ਰਾਮਲੀਲਾ ਕਲੱਬ ਵੱਲੋਂ ਧਰਮਸ਼ਾਲਾ ਮੰਦਰ ਵਿਖੇ ਬੀਤੇ ਦਿਨੀਂ ਭਾਰਤ ਮਿਲਾਪ ਦਾ ਧਾਰਮਿਕ ਅਤੇ ਸ਼ਰਧਾਮਈ ਸਮਾਗਮ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮੰਦਰ ਦਾ ਮਾਹੌਲ ਭਗਵਾਨ ਸ਼੍ਰੀ ਰਾਮ ਜੀ ਦੀ ਭਗਤੀ ਅਤੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਭਾਰਤ ਮਿਲਾਪ ਦੇ ਪ੍ਰਸੰਗ ਰਾਹੀਂ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ, ਮਰਿਆਦਾ, ਭਾਈਚਾਰੇ, ਪਿਆਰ ਅਤੇ ਤਿਆਗ ਦੀ ਮਹਾਨ ਸਿੱਖਿਆ ਨੂੰ ਯਾਦ ਕੀਤਾ ਗਿਆ। ਸਮਾਗਮ ਦੌਰਾਨ ਹਾਜ਼ਰ ਸੰਗਤਾਂ ਨੇ ਸ਼ਰਧਾ ਨਾਲ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦਾ ਗੁਣਗਾਨ ਕੀਤਾ ਅਤੇ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਰਾਮਲੀਲਾ ਵਿੱਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਅਤੇ ਆਪਣੀ ਅਦਾਕਾਰੀ ਰਾਹੀਂ ਧਾਰਮਿਕ ਪ੍ਰਸੰਗਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਰਾਮਲੀਲਾ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਕਮੇਟੀ ਵੱਲੋਂ ਕਲਾਕਾਰਾਂ ਦੀ ਮਿਹਨਤ, ਲਗਨ ਅਤੇ ਧਾਰਮਿਕ ਕਾਰਜਾਂ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ।
ਬਾਲ ਰਾਮਲੀਲਾ ਕਲੱਬ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਪਹੁੰਚੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਦੇ ਅਹੁਦੇਦਾਰਾਂ ਵੱਲੋਂ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਮੈਂਬਰਾਂ ਨੇ ਵੀ ਕਲੱਬ ਵੱਲੋਂ ਮਿਲੇ ਮਾਣ-ਸਨਮਾਨ ਲਈ ਧੰਨਵਾਦ ਪ੍ਰਗਟ ਕੀਤਾ।
ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਹਾਜ਼ਰੀ ਲਗਵਾਈ। ਇਸ ਦੌਰਾਨ ਮੰਦਰ ਵਿੱਚ ਭਗਤੀਮਈ ਮਾਹੌਲ ਬਣਿਆ ਰਿਹਾ ਅਤੇ ਸਾਰਿਆਂ ਨੇ ਮਿਲ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਰਾਮਲੀਲਾ ਕਮੇਟੀ ਵੱਲੋਂ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ, ਜਿਸ ਵਿੱਚ ਸੰਗਤਾਂ ਨੇ ਬੜੀ ਸ਼ਰਧਾ ਨਾਲ ਲੰਗਰ ਛਕਿਆ।
ਇਸ ਮੌਕੇ ਅਮਰਪ੍ਰੀਤ ਸਿੰਘ ਰਿੰਕੂ (ਚੀਫ਼ ਐਡੀਟਰ, ਵੈਲਕਮ ਪੰਜਾਬ ਨਿਊਜ਼), ਇੰਦਰਜੀਤ ਸਿੰਘ ਬੱਬਰ, ਪੱਪੂ ਪੰਡਿਤ ਜੀ, ਜੋਤੀ ਟੰਡਨ, ਗੁਰਸ਼ਰਨ ਸਿੰਘ ਸ਼ੰਨੂ ਅਤੇ ਅਰਸ਼ਦੀਪ ਸਿੰਘ ਕਾਲੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਰਾਮਲੀਲਾ ਕਮੇਟੀ ਵੱਲੋਂ ਕੀਤੇ ਗਏ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕੀਤੀ।
ਅੰਤ ਵਿੱਚ ਰਾਮਲੀਲਾ ਕਮੇਟੀ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਗਤਾਂ, ਸਹਿਯੋਗੀਆਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਰਿਆਂ ਨੇ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਲਗਾਤਾਰ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਧਰਮ, ਸੰਸਕਾਰਾਂ ਅਤੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਨਾਲ ਜੋੜਿਆ ਜਾ ਸਕੇ।
Related