ਵਧਦੀ ਆਵਾਜਾਈ ਨੂੰ ਢੁਕਵਾਂ ਬਣਾਉਣ ਲਈ, ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਟਰਮੀਨਲ ਇਮਾਰਤ ਦਾ ਵਿਸਥਾਰ ਅਤੇ ਨਵੀਨੀਕਰਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਸਾਂਝੀ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਹਵਾਈ ਅੱਡਾ ਪ੍ਰਾਜੈਕਟ ਤਹਿਤ ਟਰਮੀਨਲ ਵਿਚ ਲਗਭਗ 10,000 ਵਰਗ ਮੀਟਰ ਵਾਧੂ ਜਗ੍ਹਾ ਜੋੜੀ ਗਈ ਹੈ।

ਵਿਸਥਾਰ ਤੋਂ ਬਾਅਦ ਟਰਮੀਨਲ ਦੀ ਪੀਕ-ਆਵਰ ਯਾਤਰੀ ਸੰਭਾਲਣ ਦੀ ਸਮਰੱਥਾ 1600 ਤੋਂ ਵੱਧ ਕੇ 2,000 ਯਾਤਰੀਆਂ ਤਕ ਪਹੁੰਚਣ ਦੀ ਉਮੀਦ ਹੈ। ਮੰਤਰਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਵਿਸਥਾਰ ਅਤੇ ਅਪਗ੍ਰੇਡੇਸ਼ਨ ਏ.ਏ.ਆਈ. ਅਤੇ ਹੋਰ ਹਵਾਈ ਅੱਡੇ ਦੇ ਸੰਚਾਲਕਾਂ ਦੁਆਰਾ ਯਾਤਰੀਆਂ ਦੀ ਮੰਗ, ਜ਼ਮੀਨ ਦੀ ਉਪਲਬਧਤਾ, ਵਪਾਰਕ ਸਹੂਲਤਾਂ, ਸਮਾਜਕ-ਆਰਥਕ ਵਿਚਾਰਾਂ ਅਤੇ ਏਅਰਲਾਈਨ ਹਿੱਤ ਵਰਗੇ ਕਾਰਕਾਂ ਦੇ ਅਧਾਰ ’ਤੇ ਕੀਤੀ ਜਾਣ ਵਾਲੀ ਇਕ ਚੱਲ ਰਹੀ ਪ੍ਰਕਿਰਿਆ ਹੈ।
ਗਰਾਊਂਡ ਹੈਂਡਲਿੰਗ ਸਟਾਫ਼ ਦੁਆਰਾ ਯਾਤਰੀਆਂ ਨੂੰ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਬਾਰੇ, ਮੰਤਰਾਲੇ ਨੇ ਕਿਹਾ ਕਿ ਅਜਿਹੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਹਾਲਾਂਕਿ, ਮੰਤਰਾਲੇ ਨੇ ਭਰੋਸਾ ਦਿਤਾ ਕਿ ਯਾਤਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਜ਼ਰੂਰੀ ਉਪਾਅ ਕੀਤੇ ਗਏ ਹਨ, ਜਿਸ ਵਿਚ ਡਿਊਟੀ ਟਰਮੀਨਲ ਮੈਨੇਜਰ ਅਤੇ ਸੀਆਈਐਸਐਫ਼ ਕੰਟਰੋਲ ਰੂਮ ਲਈ ਸੰਪਰਕ ਨੰਬਰ ਪ੍ਰਮੁੱਖਤਾ ਨਾਲ ਪ੍ਰਦਰਸ਼ਤ ਕਰਨਾ, ਨਾਲ ਹੀ ਰਵਾਨਗੀ ਅਤੇ ਆਗਮਨ ਟਰਮੀਨਲਾਂ ਦੋਵਾਂ ’ਤੇ ਸਮਰਪਤ ਹੈਲਪ ਡੈਸਕ ਸ਼ਾਮਲ ਹਨ।
ਵ੍ਹੀਲਚੇਅਰ ਵਾਲੇ ਯਾਤਰੀਆਂ ਦੇ ਸ਼ੋਸ਼ਣ ਬਾਰੇ ਚਿੰਤਾਵਾਂ ਦੇ ਜਵਾਬ ਵਿਚ, ਮੰਤਰਾਲਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਰਕਾਰ ਨੇ ਦਿਵਿਆਂਗਜਨਾਂ ਅਤੇ ਘੱਟ ਗਤੀਸ਼ੀਲਤਾ ਵਾਲੇ ਯਾਤਰੀਆਂ ਦੀ ਸੁਰੱਖਿਅਤ ਅਤੇ ਸੁਤੰਤਰ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਿਵਲ ਹਵਾਬਾਜ਼ੀ ਲਈ ਪਹੁੰਚਯੋਗਤਾ ਮਾਪਦੰਡ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।