ਦੋ ਤਸਕਰ ਗ੍ਰਿਫ਼ਤਾਰ, ਇੱਕ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ

ਅਮਿਤ ਨੱਖਵਾਲ: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪੁਲਿਸ ਅਤੇ ਬੀਐਸਐਫ ਵੱਲੋਂ ਚਲਾਈ ਗਈ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਹੋਈ ਹੈ। ਘਰਿੰਡਾ ਥਾਣਾ ਖੇਤਰ ਅਧੀਨ ਵੱਖ-ਵੱਖ ਕਾਰਵਾਈਆਂ ਵਿੱਚ ਪੁਲਿਸ ਅਤੇ ਬੀਐਸਐਫ ਨੇ 2.591 ਕਿੱਲੋਗ੍ਰਾਮ ਹੈਰੋਇਨ ਅਤੇ 578 ਗ੍ਰਾਮ ‘ਆਈਸ’ (ਮੈਥਾਮਫੇਟਾਮਾਈਨ) ਬਰਾਮਦ ਕੀਤੀ ਹੈ। ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਇੱਕ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਪਹਿਲੀ ਕਾਰਵਾਈ ਪੁਲਮੋਰਨ ਬਾਰਡਰ ਆਊਟਪੋਸਟ ਦੇ ਨੇੜਲੇ ਇਲਾਕੇ ਵਿੱਚ ਕੀਤੀ ਗਈ। ਇੱਥੋਂ ਬੀਐਸਐਫ ਨੂੰ ਇੱਕ ਸ਼ੱਕੀ ਪੈਕੇਟ ਮਿਲਿਆ, ਜਿਸ ਦਾ ਵਜ਼ਨ ਪੈਕਿੰਗ ਸਮੇਤ 578 ਗ੍ਰਾਮ ਦੱਸਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਇਸ ਵਿੱਚ ‘ਆਈਸ’ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਜਤਾਇਆ ਗਿਆ। ਪੈਕੇਟ ਕਿਸ ਵੱਲੋਂ ਉੱਥੇ ਰੱਖਿਆ ਗਿਆ ਸੀ, ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੀ ਕਾਰਵਾਈ ਦੌਰਾਨ ਅਟਾਰੀ ਵਾਸੀ ਸੁਖਦਿਆਲ ਸਿੰਘ ਅਤੇ ਨੇਸ਼ਟਾ ਵਾਸੀ ਹਰਦੇਵ ਸਿੰਘ ਨੂੰ ਕਾਬੂ ਕੀਤਾ ਗਿਆ। ਬੀਐਸਐਫ ਦੀ ਮਹਾਵਾ ਬਾਰਡਰ ਆਊਟਪੋਸਟ ਦੇ ਇਲਾਕੇ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਦੋਵਾਂ ਕੋਲੋਂ 591 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਮੋਬਾਈਲ ਫੋਨ, 1,120 ਰੁਪਏ ਦੀ ਨਕਦੀ ਅਤੇ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਹੈ। ਇਸ ਮਾਮਲੇ ਵਿੱਚ ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਤੀਜੀ ਕਾਰਵਾਈ ਵਿੱਚ ਮੋਡੇ ਪਿੰਡ ਦੇ ਮਨਪ੍ਰੀਤ ਸਿੰਘ ਉਰਫ਼ ਮੰਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਕਥਿਤ ਤੌਰ ’ਤੇ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਉਸਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 2 ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ।

ਪੁਲਿਸ ਨੇ ਮਨਪ੍ਰੀਤ ਸਿੰਘ ਉਰਫ਼ ਮੰਨਾ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਸੀ ਅਤੇ 25 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਰਾਮਦ ਨਸ਼ੀਲੇ ਪਦਾਰਥ ਕਿੱਥੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ।

ਰਿਪੋਰਟ:- ਅਮਿਤ ਨੱਖਵਾਲ