ਬੇਲਾ ਨੇੜੇ ਨਹਿਰ ਦਾ ਕੰਢਾ ਟੁੱਟਣ ਕਾਰਨ ਪਾਣੀ ਦਾ ਵਹਾਅ ਹੋਇਆ ਤੇਜ਼, ਪਾੜ ਬੰਦ ਕਰਨ ਲਈ ਲੋਕਾਂ ਨੇ ਸੰਭਾਲਿਆ ਮੋਰਚਾ

ਅਮਿਤ ਨੱਖਵਾਲ/ਰੋਪੜ: ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਇਲਾਕੇ ਬੇਲਾ ਵਿੱਚੋਂ ਲੰਘਦੀ ਸਰਹੰਦ ਨਹਿਰ ਵਿੱਚ ਅੱਜ ਸਵੇਰੇ ਅਚਾਨਕ ਪਾੜ ਪੈ ਜਾਣ ਕਾਰਨ ਹਫੜਾ-ਦਫੜੀ ਵਾਲੀ ਸਥਿਤੀ ਬਣ ਗਈ। ਪਿੰਡ ਭੈਰੋ ਮਾਜਰਾ, ਟੱਪਰੀਆਂ ਅਤੇ ਜਟਾਣਾ ਦੇ ਨੇੜੇ ਨਹਿਰ ਦਾ ਕੰਢਾ ਟੁੱਟਣ ਨਾਲ ਪਾਣੀ ਤੇਜ਼ੀ ਨਾਲ ਬਾਹਰ ਵੱਲ ਵਹਿਣ ਲੱਗਾ।

ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਨਹਿਰ ਵਿੱਚ ਵੱਡੀ ਮਾਤਰਾ ਵਿੱਚ ਕੂੜਾ-ਕਰਕਟ ਅਤੇ ਵੇਸਟੇਜ ਇਕੱਠੀ ਹੋਣ ਕਾਰਨ ਪਾਣੀ ਦਾ ਪੱਧਰ ਵਧ ਰਿਹਾ ਸੀ। ਇਸੇ ਦੌਰਾਨ ਨਹਿਰ ਦਾ ਕਮਜ਼ੋਰ ਹੋਇਆ ਕੰਢਾ ਪਾਣੀ ਦਾ ਦਬਾਅ ਨਾ ਸਹਾਰ ਸਕਿਆ ਅਤੇ ਪਾੜ ਪੈ ਗਿਆ।

ਘਟਨਾ ਸਵੇਰ ਦੇ ਸਮੇਂ ਹਨੇਰੇ ਵਿੱਚ ਵਾਪਰਨ ਕਾਰਨ ਉੱਪਰੋਂ ਲੰਘ ਰਹੇ ਕੁਝ ਰਾਹਗੀਰਾਂ ਨੂੰ ਪਾੜ ਦਾ ਸਮੇਂ ਸਿਰ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਕਈ ਲੋਕਾਂ ਦੇ ਡਿੱਗਣ ਜਾਂ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਚਨਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਕਰੀਬ 5 ਤੋਂ 6 ਵਿਅਕਤੀਆਂ ਦੇ ਸੱਟਾਂ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ।

ਪਾੜ ਪੈਣ ਦੀ ਖ਼ਬਰ ਮਿਲਦਿਆਂ ਹੀ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਵੱਲੋਂ ਆਪਣੇ ਪੱਧਰ ’ਤੇ ਪਾਣੀ ਦੇ ਵਹਾਅ ਨੂੰ ਰੋਕਣ ਅਤੇ ਪਾੜ ਨੂੰ ਬੰਦ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਆਗੂ, ਸਾਬਕਾ ਐੱਸ.ਸੀ. ਕਮਿਸ਼ਨ ਚੇਅਰਮੈਨ ਅਤੇ ਹਲਕਾ ਚਮਕੌਰ ਸਾਹਿਬ ਦੇ ਨਵ-ਨਿਯੁਕਤ ਇੰਚਾਰਜ ਜਸਵੀਰ ਸਿੰਘ ਗੜ੍ਹੀ ਵੀ ਸਵੇਰੇ ਹੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਫਿਲਹਾਲ ਮੌਕੇ ’ਤੇ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ ਅਤੇ ਨਹਿਰ ਵਿੱਚੋਂ ਨਿਕਲ ਰਹੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਇਸ ਘਟਨਾ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਨਹਿਰੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਜ਼ਰੂਰ ਖੜ੍ਹੇ ਹੋ ਗਏ ਹਨ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਹਿਰ ਦੇ ਕਮਜ਼ੋਰ ਕੰਢਿਆਂ ਅਤੇ ਪਾਣੀ ਦੇ ਵਧਦੇ ਪੱਧਰ ਵੱਲ ਪਹਿਲਾਂ ਹੀ ਧਿਆਨ ਦਿੱਤਾ ਜਾਂਦਾ ਤਾਂ ਅਜਿਹੀ ਸਥਿਤੀ ਪੈਦਾ ਹੋਣ ਤੋਂ ਰੋਕੀ ਜਾ ਸਕਦੀ ਸੀ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਵੱਲੋਂ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਕੀ ਠੋਸ ਕਦਮ ਚੁੱਕੇ ਜਾਂਦੇ ਹਨ।

ਰਿਪੋਰਟ:- ਅਮਿਤ ਨੱਖਵਾਲ