ਅਮਿਤ ਨੱਖਵਾਲ: ਅੰਮ੍ਰਿਤਸਰ ਦੇ ਡਾਬੁਰਜੀ ਫਲਾਈਓਵਰ ’ਤੇ ਅੱਜ ਪੰਜਾਬ ਰੋਡਵੇਜ਼ ਦੀ ਬੱਸ ਅਤੇ ਇੱਕ ਟਰੱਕ ਵਿਚਾਲੇ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ। ਟੱਕਰ ਦੌਰਾਨ ਬੱਸ ਵਿੱਚ ਸਵਾਰ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਅਤੇ ਖਰੋਚਾਂ ਆਈਆਂ, ਜਦਕਿ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਫਲਾਈਓਵਰ ’ਤੇ ਆਵਾਜਾਈ ਵੀ ਪ੍ਰਭਾਵਿਤ ਰਹੀ।

ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਗੁਰਦਿਆਲ ਸਿੰਘ ਬਠਿੰਡਾ ਤੋਂ ਅੰਮ੍ਰਿਤਸਰ ਦੇ ਅਜਨਾਲਾ ਵੱਲ ਜਾ ਰਿਹਾ ਸੀ। ਇਸੇ ਦੌਰਾਨ ਡਾਬੁਰਜੀ ਫਲਾਈਓਵਰ ਦੀ ਚੜ੍ਹਾਈ ’ਤੇ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਟਰੱਕ ਨਾਲ ਜਾ ਟਕਰਾਈ। ਹਾਦਸੇ ਵਿੱਚ ਟਰੱਕ ਦੇ ਪਿਛਲੇ ਹਿੱਸੇ ਅਤੇ ਬੱਸ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ।

ਬੱਸ ਚਾਲਕ ਗੋਪਾਲ ਸਿੰਘ ਅਨੁਸਾਰ ਬੱਸ ਪੱਟੀ ਡਿਪੂ ਦੀ ਸੀ ਅਤੇ ਪੱਟੀ ਤੋਂ ਜੰਮੂ ਵੱਲ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਫਲਾਈਓਵਰ ਦੀ ਚੜ੍ਹਾਈ ਦੌਰਾਨ ਅੱਗੇ ਜਾ ਰਿਹਾ ਭਾਰੀ ਸਮਾਨ ਨਾਲ ਲੱਦਿਆ ਟਰੱਕ ਅਚਾਨਕ ਪਿੱਛੇ ਵੱਲ ਆਉਣ ਲੱਗ ਪਿਆ। ਬੱਸ ਚਾਲਕ ਦਾ ਦੋਸ਼ ਹੈ ਕਿ ਟਰੱਕ ਦੇ ਪਿੱਛੇ ਵੱਲ ਰੁੜ੍ਹਨ ਕਾਰਨ ਬੱਸ ਨੂੰ ਰੋਕਣ ਲਈ ਕਾਫ਼ੀ ਸਮਾਂ ਨਹੀਂ ਮਿਲਿਆ ਅਤੇ ਉਹ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।

ਹਾਦਸੇ ਸਮੇਂ ਬੱਸ ਵਿੱਚ ਕਈ ਯਾਤਰੀ ਮੌਜੂਦ ਸਨ। ਬੱਸ ਚਾਲਕ ਨੇ ਦੱਸਿਆ ਕਿ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ। ਘਟਨਾ ਤੋਂ ਬਾਅਦ ਯਾਤਰੀ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ।

ਹਾਦਸੇ ਕਾਰਨ ਫਲਾਈਓਵਰ ’ਤੇ ਕੁਝ ਸਮੇਂ ਲਈ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਮਾਮਲੇ ਸਬੰਧੀ ਦੋਵੇਂ ਵਾਹਨ ਚਾਲਕਾਂ ਵੱਲੋਂ ਹਾਦਸੇ ਦੇ ਕਾਰਨਾਂ ਬਾਰੇ ਵੱਖ-ਵੱਖ ਗੱਲਾਂ ਦੱਸੀਆਂ ਗਈਆਂ ਹਨ।

ਰਿਪੋਰਟ:- ਅਮਿਤ ਨੱਖਵਾਲ