ਫ਼ਿਰੋਜ਼ਪੁਰ, ਜਤਿੰਦਰ ਪਿੰਕਲ: ਕੇਂਦਰ ਸਰਕਾਰ ਦੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਵੱਲੋਂ ‘ਮਾਇ ਭਾਰਤ ਪੋਰਟਲ’ ’ਤੇ ‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2027’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਯੁਵਾ ਅਧਿਕਾਰੀ ਮਨੀਸ਼ਾ ਰਾਣੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ‘ਵਿਕਸਿਤ ਭਾਰਤ ਕਵਿਜ਼’ ਨਾਲ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਮਾਇ ਭਾਰਤ ਪੋਰਟਲ ਰਾਹੀਂ ਡਿਜੀਟਲ ਤਰੀਕੇ ਨਾਲ ਇਸ ਵਿੱਚ ਭਾਗ ਲੈ ਸਕਦੇ ਹਨ। ਵੱਖ-ਵੱਖ ਪੜਾਵਾਂ ਵਿੱਚ ਨੌਜਵਾਨਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਚੋਣ ਕੀਤੀ ਜਾਵੇਗੀ। ਰਾਸ਼ਟਰੀ ਪੱਧਰ ’ਤੇ ਚੁਣੇ ਜਾਣ ਵਾਲੇ ਨੌਜਵਾਨਾਂ ਨੂੰ ਮਾਹਿਰਾਂ ਅਤੇ ਕੇਂਦਰੀ ਮੰਤਰੀਆਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲੇਗਾ।

ਮਨੀਸ਼ਾ ਰਾਣੀ ਨੇ ਦੱਸਿਆ ਕਿ ‘ਵਿਕਸਿਤ ਭਾਰਤ ਕਵਿਜ਼’ 17 ਅਗਸਤ ਤੋਂ 30 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਵਿੱਚੋਂ ਪ੍ਰਦਰਸ਼ਨ ਦੇ ਆਧਾਰ ’ਤੇ ਸਿਖਰਲੇ 10 ਫ਼ੀਸਦੀ ਭਾਗੀਦਾਰਾਂ ਨੂੰ ਅਗਲੇ ਪੜਾਅ ਲਈ ਚੁਣਿਆ ਜਾਵੇਗਾ। ਚੁਣੇ ਗਏ ਨੌਜਵਾਨ 5 ਤੋਂ 19 ਅਕਤੂਬਰ ਤੱਕ ਆਨਲਾਈਨ ਲੇਖ ਮੁਕਾਬਲੇ ਵਿੱਚ ਹਿੱਸਾ ਲੈਣਗੇ।

ਲੇਖ ਮੁਕਾਬਲੇ ਵਿੱਚੋਂ ਚੁਣੇ ਗਏ ਨੌਜਵਾਨ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ। ਜ਼ਿਲ੍ਹਾ ਚੈਂਪੀਅਨਸ਼ਿਪ 10 ਤੋਂ 16 ਨਵੰਬਰ ਤੱਕ ਹੋਵੇਗੀ। ਹਰੇਕ ਜ਼ਿਲ੍ਹੇ ਦੇ ਜੇਤੂ ਭਾਗੀਦਾਰ 17 ਨਵੰਬਰ ਤੋਂ 7 ਦਸੰਬਰ ਤੱਕ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਸ਼ਾਮਲ ਹੋਣਗੇ।

ਰਾਜ ਪੱਧਰ ’ਤੇ ਚੁਣੇ ਗਏ ਭਾਗੀਦਾਰ 10 ਤੋਂ 12 ਜਨਵਰੀ ਤੱਕ ਦਿੱਲੀ ਵਿੱਚ ਹੋਣ ਵਾਲੀ ਰਾਸ਼ਟਰੀ ਪੱਧਰੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਗੇ। ਰਾਸ਼ਟਰੀ ਪੱਧਰ ’ਤੇ ਆਖਰੀ ਤੌਰ ’ਤੇ ਚੁਣੇ ਜਾਣ ਵਾਲੇ ਨੌਜਵਾਨਾਂ ਨੂੰ ‘ਵਿਕਸਿਤ ਭਾਰਤ’ ਨਾਲ ਸਬੰਧਤ ਆਪਣੇ ਵਿਚਾਰ ਅਤੇ ਸੁਝਾਅ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲੇਗਾ।

ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਅਤੇ ਸੋਚ ਪੇਸ਼ ਕਰਨ ਦੇ ਨਾਲ-ਨਾਲ ਦੇਸ਼ ਦੇ ਵਿਕਾਸ ਅਤੇ ਨੀਤੀਆਂ ਨਾਲ ਸਬੰਧਤ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਲਈ ਮੰਚ ਪ੍ਰਦਾਨ ਕਰੇਗਾ।