
Skip to content

30 ਸਤੰਬਰ ਦੀ ਅਮਿਤ ਸ਼ਾਹ ਦੀ ਮਹਾਰੈਲੀ ਲਈ ਭਾਜਪਾ ਨੇ ਕੱਸਿਆ ਕਮਰਕੱਸਾ, 587 ਬੂਥਾਂ ’ਤੇ ਹੋਣਗੀਆਂ ਵਿਸ਼ੇਸ਼ ਮੀਟਿੰਗਾਂ
ਜਲੰਧਰ (ਨਵੀਨ ਪੁਰੀ) : 30 ਸਤੰਬਰ ਨੂੰ ਜਲੰਧਰ ਵਿੱਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਹਾਰੈਲੀ ਨੂੰ ਸਫਲ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ ਸੰਗਠਨਾਤਮਕ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਸਥਾਨਕ ਭਾਜਪਾ ਦਫ਼ਤਰ ਵਿੱਚ ਮਹੱਤਵਪੂਰਨ ਮੀਟਿੰਗ ਹੋਈ।
ਮੀਟਿੰਗ ਦੌਰਾਨ ਮੰਡਲ ਪ੍ਰਧਾਨਾਂ, ਸ਼ਕਤੀ ਕੇਂਦਰ ਮੁਖੀਆਂ ਅਤੇ ਜ਼ਿਲ੍ਹਾ ਅਹੁਦੇਦਾਰਾਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਗਈ ਅਤੇ ਹਰ ਸ਼ਕਤੀ ਕੇਂਦਰ ਲਈ ਵੱਖ-ਵੱਖ ਕੋਆਰਡੀਨੇਟਰ ਨਿਯੁਕਤ ਕੀਤੇ ਗਏ। ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਦਾ ਸੰਗਠਨ ਬੂਥ ਪੱਧਰ ਤੱਕ ਮਜ਼ਬੂਤ ਹੈ ਅਤੇ ਪਾਰਟੀ ਵਰਕਰ ਆਪਣੇ-ਆਪਣੇ ਖੇਤਰਾਂ ਵਿੱਚ ਜਨ ਸੰਪਰਕ ਕਰਕੇ ਲੋਕਾਂ ਨੂੰ ਮਹਾਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਗੇ।
ਉਨ੍ਹਾਂ ਦੱਸਿਆ ਕਿ ਜਲੰਧਰ ਸ਼ਹਿਰੀ ਅਧੀਨ ਆਉਂਦੇ 587 ਬੂਥਾਂ ’ਤੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾਣਗੀਆਂ। ਇਨ੍ਹਾਂ ਮੀਟਿੰਗਾਂ ਰਾਹੀਂ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਅਤੇ ਪੰਜਾਬ ਨਾਲ ਸਬੰਧਤ ਮੁੱਦਿਆਂ ਬਾਰੇ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਨਿਯੁਕਤ ਕੋਆਰਡੀਨੇਟਰਾਂ ਨੂੰ ਆਪੋ-ਆਪਣੇ ਸ਼ਕਤੀ ਕੇਂਦਰਾਂ ਵਿੱਚ ਸਰਗਰਮੀ ਨਾਲ ਜਨ ਸੰਪਰਕ ਮੁਹਿੰਮ ਚਲਾਉਣ ਅਤੇ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਕਿਹਾ।
ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ 30 ਸਤੰਬਰ ਦੀ ਜਲੰਧਰ ਮਹਾਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਸੰਦੇਸ਼ ਦੇਵੇਗੀ। ਉਨ੍ਹਾਂ ਕਿਹਾ ਕਿ ਰੈਲੀ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਉਤਸ਼ਾਹ ਹੈ ਅਤੇ ਪਾਰਟੀ ਦਾ ਪੂਰਾ ਸੰਗਠਨ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ।
ਮੀਟਿੰਗ ਵਿੱਚ ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਜ਼ਿਲ੍ਹਾ ਉਪ ਪ੍ਰਧਾਨ ਭੂਪਿੰਦਰ ਕੁਮਾਰ, ਮਨੀਸ਼ ਵਿਜ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਸ਼ਾਮ ਸ਼ਰਮਾ, ਬਲਜੀਤ ਪ੍ਰਿੰਸ, ਕੌਂਸਲਰ ਰਵੀ ਕੁਮਾਰ, ਕੌਂਸਲਰ ਅਮਿਤ ਸਿੰਘ ਸੰਧਾ ਸਮੇਤ ਕਈ ਅਹੁਦੇਦਾਰ ਹਾਜ਼ਰ ਰਹੇ।
ਇਸ ਤੋਂ ਇਲਾਵਾ ਮੰਡਲ ਪ੍ਰਧਾਨ ਆਰ.ਕੇ. ਮਲਹੋਤਰਾ, ਮਨਹਰ ਪਾਸ਼ਾਣ, ਚੰਦਨ ਰਖੇਜਾ, ਰਾਜੇਸ਼ ਜੈਨ, ਮਨੀਸ਼ ਬਲ, ਅਜੈ ਠਾਕੁਰ, ਸੁਨੀਲ ਚੋਪੜਾ, ਸੂਰਿਆ ਮਿਸ਼ਰਾ, ਸੌਰਭ ਸ਼ਰਮਾ, ਬਾਬੂ ਅਰੋੜਾ, ਸ਼ੈਲੀ ਖੰਨਾ, ਇੰਦੂ ਅਗਰਵਾਲ, ਸ਼ਾਲੂ ਕੁਮਾਰੀ, ਅਜਮੇਰ ਸਿੰਘ ਬਾਦਲ, ਪ੍ਰਮੋਦ ਕਸ਼ਯਪ, ਡਿੰਪੀ ਲੁਭਾਣਾ, ਲਲਿਤ ਬਾਬੂ ਯਾਦਵ, ਗੌਰਵ ਰਾਏ ਸਮੇਤ ਹੋਰ ਭਾਜਪਾ ਅਹੁਦੇਦਾਰ ਮੌਜੂਦ ਸਨ।
ਮੀਟਿੰਗ ਦੇ ਅੰਤ ਵਿੱਚ ਅਹੁਦੇਦਾਰਾਂ ਨੇ ਬੂਥ ਪੱਧਰ ਤੱਕ ਜਨ ਸੰਪਰਕ ਕਰਕੇ ਵਰਕਰਾਂ ਅਤੇ ਨਾਗਰਿਕਾਂ ਨੂੰ ਮਹਾਰੈਲੀ ਨਾਲ ਜੋੜਨ ਲਈ ਸਰਗਰਮੀ ਨਾਲ ਕੰਮ ਕਰਨ ਦਾ ਸੰਕਲਪ ਲਿਆ।

Related