
Skip to content

ਕਪੂਰਥਲਾ (ਇੰਦਰਜੀਤ ਸ਼ਰਮਾ): ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਵਿੰਗ, ਕਪੂਰਥਲਾ ਵੱਲੋਂ ਸਹਾਇਕ ਕਮਿਸ਼ਨਰ (ਫੂਡ) ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ ਫਗਵਾੜਾ ਖੇਤਰ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਹ ਮੁਹਿੰਮ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਕਮਿਸ਼ਨਰ ਕਮਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਅਤੇ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ।

ਮੁਹਿੰਮ ਦੌਰਾਨ ਫਗਵਾੜਾ ਵਿੱਚ ਕੁੱਲ 5 ਫੂਡ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ 3 ਮਠਿਆਈਆਂ ਦੀਆਂ ਦੁਕਾਨਾਂ ਅਤੇ 2 ਬੇਕਰੀ ਯੂਨਿਟ ਸ਼ਾਮਲ ਸਨ। ਟੀਮ ਵੱਲੋਂ ਅਦਾਰਿਆਂ ਵਿੱਚ ਸਫ਼ਾਈ-ਸਫ਼ਾਈ, ਖਾਧ ਪਦਾਰਥਾਂ ਦੀ ਸਟੋਰੇਜ, ਕੱਚੇ ਮਾਲ ਦੀ ਵਰਤੋਂ ਅਤੇ ਹੋਰ ਫੂਡ ਸੇਫਟੀ ਮਾਪਦੰਡਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ।
ਜਾਂਚ ਦੌਰਾਨ ਅਣਸਵੱਛ ਹਾਲਾਤ ਪਾਏ ਜਾਣ ’ਤੇ 1 ਚਲਾਨ ਜਾਰੀ ਕੀਤਾ ਗਿਆ, ਜਦਕਿ ਨਿਯਮਾਂ ਦੀ ਪਾਲਣਾ ਵਿੱਚ ਕਮੀਆਂ ਸਬੰਧੀ 2 ਇੰਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ। ਸਬੰਧਤ ਫੂਡ ਬਿਜ਼ਨਸ ਆਪਰੇਟਰਾਂ ਨੂੰ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ Good Manufacturing Practices (GMP) ਤੇ Good Hygiene Practices (GHP) ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ।
ਫੂਡ ਕਾਰੋਬਾਰੀਆਂ ਨੂੰ ਅਦਾਰਿਆਂ ਦੀ ਸਫ਼ਾਈ ਬਣਾਈ ਰੱਖਣ, ਢੱਕਣ ਵਾਲੇ ਡਸਟਬਿਨ ਦੀ ਵਰਤੋਂ ਕਰਨ ਅਤੇ ਕੂੜਾ-ਕਰਕਟ ਖੁੱਲ੍ਹੇ ਵਿੱਚ ਨਾ ਸੁੱਟਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਕੰਮ ਦੌਰਾਨ ਦਸਤਾਨੇ, ਹੈੱਡ ਕੈਪ ਅਤੇ ਸਾਫ਼ ਕੱਪੜਿਆਂ ਦੀ ਵਰਤੋਂ ਕਰਨ ਦੀ ਹਦਾਇਤ ਵੀ ਕੀਤੀ ਗਈ।
ਅਧਿਕਾਰੀਆਂ ਨੇ ਕਿਹਾ ਕਿ ਖਾਧ ਪਦਾਰਥਾਂ ਲਈ ਕੱਚਾ ਮਾਲ ਭਰੋਸੇਯੋਗ ਸਰੋਤਾਂ ਤੋਂ ਹੀ ਖਰੀਦਿਆ ਜਾਵੇ ਅਤੇ ਉਸ ਦੇ ਬਿੱਲ ਤੇ ਰਿਕਾਰਡ ਸੰਭਾਲ ਕੇ ਰੱਖੇ ਜਾਣ। ਕੱਚੇ ਅਤੇ ਤਿਆਰ ਖਾਧ ਪਦਾਰਥਾਂ ਨੂੰ ਵੱਖ-ਵੱਖ ਰੱਖਣ ਅਤੇ ਖਾਧ ਸਮੱਗਰੀ ਨੂੰ ਧੂੜ, ਮੱਖੀਆਂ, ਕੀੜਿਆਂ ਅਤੇ ਹੋਰ ਗੰਦਗੀ ਤੋਂ ਸੁਰੱਖਿਅਤ ਰੱਖਣ ਲਈ ਵੀ ਹਦਾਇਤ ਕੀਤੀ ਗਈ।
ਇਸ ਦੇ ਨਾਲ ਹੀ ਖਾਧ ਪਦਾਰਥਾਂ ਵਿੱਚ ਕੇਵਲ ਮਨਜ਼ੂਰਸ਼ੁਦਾ ਫੂਡ ਐਡਿਟਿਵਜ਼ ਅਤੇ ਰੰਗਾਂ ਦੀ ਨਿਰਧਾਰਤ ਸੀਮਾ ਅੰਦਰ ਵਰਤੋਂ ਕਰਨ ਅਤੇ ਕਿਸੇ ਵੀ ਅਣਅਧਿਕਾਰਤ ਪਦਾਰਥ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ। ਤਿਆਰ ਖਾਧ ਸਮੱਗਰੀ ਨੂੰ ਢੱਕ ਕੇ ਰੱਖਣ ਅਤੇ ਲੋੜ ਅਨੁਸਾਰ ਹੀ ਖਾਧ ਪਦਾਰਥ ਤਿਆਰ ਕਰਨ ਦੀ ਹਦਾਇਤ ਦਿੱਤੀ ਗਈ।
ਫੂਡ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਦੀ ਪ੍ਰਕਿਰਤੀ ਅਨੁਸਾਰ FSSAI ਲਾਇਸੈਂਸ ਜਾਂ ਰਜਿਸਟ੍ਰੇਸ਼ਨ ਕਰਵਾਉਣ ਅਤੇ ਇਸ ਦੀ ਵੈਧਤਾ ਤੇ ਸਪੱਸ਼ਟ ਪ੍ਰਦਰਸ਼ਨ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ।
ਫੂਡ ਸੇਫਟੀ ਵਿੰਗ ਨੇ ਸਪੱਸ਼ਟ ਕੀਤਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਜਾਂਚ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਨਿਯਮਾਂ ਦੀ ਉਲੰਘਣਾ ਮਿਲਣ ’ਤੇ Food Safety and Standards Act, 2006 ਅਤੇ ਲਾਗੂ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਾਂਚ ਟੀਮ ਵਿੱਚ ਸਹਾਇਕ ਕਮਿਸ਼ਨਰ (ਫੂਡ) ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਮਹਿਕ ਸੈਣੀ ਸ਼ਾਮਲ ਸਨ। ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਫੂਡ ਕਾਰੋਬਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਉੱਚ ਗੁਣਵੱਤਾ ਵਾਲਾ ਕੱਚਾ ਮਾਲ ਵਰਤਣ ਅਤੇ ਖਾਧ ਪਦਾਰਥ ਸਾਫ਼-ਸੁਥਰੇ ਤੇ ਸਵੱਛ ਵਾਤਾਵਰਣ ਵਿੱਚ ਤਿਆਰ ਕਰਕੇ ਲੋਕਾਂ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਆਰੀ ਖਾਧ ਪਦਾਰਥ ਉਪਲਬਧ ਕਰਵਾਉਣ।

Related