ਗੰਦੀਆਂ ਸਬਜ਼ੀਆਂ, ਮੈਦਾ ਤੇ ਪੁਰਾਣੇ ਤੇਲ ਦੀ ਵਰਤੋਂ ਦੇਖ ਅਧਿਕਾਰੀ ਵੀ ਹੈਰਾਨ

ਫਿਰੋਜ਼ਪੁਰ (ਅਮਿਤ ਨੱਖਵਾਲ): ਘਰ ਦੇ ਸਾਫ਼-ਸੁਥਰੇ ਖਾਣੇ ਦੀ ਥਾਂ ਬਾਹਰੋਂ ਫਾਸਟ ਫੂਡ ਖਾਣ ਦੇ ਸ਼ੌਕੀਨ ਲੋਕਾਂ ਲਈ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਤਸਵੀਰਾਂ ਚਿੰਤਾ ਪੈਦਾ ਕਰਨ ਵਾਲੀਆਂ ਹਨ। ਖੁਰਾਕ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਅਜਿਹੇ ਹਾਲਾਤ ਸਾਹਮਣੇ ਆਏ, ਜਿੱਥੇ ਸਫਾਈ ਦੇ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਖਾਣ-ਪੀਣ ਦੀਆਂ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਸਨ।

ਜਾਂਚ ਦੌਰਾਨ ਖਾਣਾ ਤਿਆਰ ਕਰਨ ਵਾਲੀ ਥਾਂ ’ਤੇ ਗੰਦੀਆਂ ਸਬਜ਼ੀਆਂ, ਮੈਦਾ, ਮਸਾਲਿਆਂ ਅਤੇ ਤੇਲ ਦੀ ਵਰਤੋਂ ਸਬੰਧੀ ਗੰਭੀਰ ਖਾਮੀਆਂ ਨਜ਼ਰ ਆਈਆਂ। ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਆਲੇ-ਦੁਆਲੇ ਗੰਦਗੀ ਅਤੇ ਮੱਖੀਆਂ ਦਾ ਮਾਹੌਲ ਹੋਣ ਦੇ ਬਾਵਜੂਦ ਫਾਸਟ ਫੂਡ ਤਿਆਰ ਕਰਕੇ ਰੇਹੜੀਆਂ ਅਤੇ ਹੋਰ ਥਾਵਾਂ ’ਤੇ ਵੇਚਣ ਲਈ ਭੇਜਿਆ ਜਾ ਰਿਹਾ ਸੀ।

ਸਿਹਤ ਲਈ ਖ਼ਤਰਾ ਬਣ ਸਕਦੀ ਅਜਿਹੀ ਲਾਪਰਵਾਹੀ ਦੇ ਬਾਵਜੂਦ ਲੋਕ ਬਿਨਾਂ ਇਹ ਜਾਣੇ ਕਿ ਖਾਣਾ ਕਿਸ ਹਾਲਤ ਵਿੱਚ ਤਿਆਰ ਹੋ ਰਿਹਾ ਹੈ, ਬਾਹਰਲੇ ਫਾਸਟ ਫੂਡ ਦਾ ਸਵਾਦ ਲੈਣ ਲਈ ਪੈਸੇ ਖਰਚ ਕਰ ਰਹੇ ਹਨ। ਸਸਤੇ ਅਤੇ ਸਵਾਦ ਦੇ ਚੱਕਰ ਵਿੱਚ ਸਫਾਈ ਅਤੇ ਗੁਣਵੱਤਾ ਨੂੰ ਨਜ਼ਰਅੰਦਾਜ਼ ਕਰਨਾ ਲੋਕਾਂ ਦੀ ਸਿਹਤ ’ਤੇ ਭਾਰੀ ਪੈ ਸਕਦਾ ਹੈ।

ਮਾਹਿਰਾਂ ਮੁਤਾਬਕ ਗੰਦਗੀ ਵਾਲੇ ਮਾਹੌਲ ਵਿੱਚ ਤਿਆਰ ਕੀਤਾ ਖਾਣਾ ਪੇਟ ਦੀਆਂ ਬਿਮਾਰੀਆਂ ਸਮੇਤ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਖ਼ਾਸ ਤੌਰ ’ਤੇ ਪੁਰਾਣੇ ਜਾਂ ਮਿਆਰ ਤੋਂ ਘੱਟ ਗੁਣਵੱਤਾ ਵਾਲੇ ਤੇਲ ਦੀ ਵਾਰ-ਵਾਰ ਵਰਤੋਂ ਵੀ ਸਿਹਤ ਲਈ ਨੁਕਸਾਨਦੇਹ ਮੰਨੀ ਜਾਂਦੀ ਹੈ।

ਫਿਰੋਜ਼ਪੁਰ ਵਿੱਚ ਹੋਈ ਇਸ ਕਾਰਵਾਈ ਨੇ ਇੱਕ ਵਾਰ ਫਿਰ ਸਵਾਲ ਖੜ੍ਹਾ ਕੀਤਾ ਹੈ ਕਿ ਸ਼ਹਿਰ ਵਿੱਚ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਥਾਵਾਂ ’ਤੇ ਸਫਾਈ ਅਤੇ ਗੁਣਵੱਤਾ ਦੇ ਨਿਯਮਾਂ ਦੀ ਕਿੰਨੀ ਪਾਲਣਾ ਹੋ ਰਹੀ ਹੈ। ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਾਮਲੇ ਵਿੱਚ ਖੁਰਾਕ ਵਿਭਾਗ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਸਖ਼ਤ ਜਾਂਚ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।

ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਖਾਣ-ਪੀਣ ਦੇ ਸ਼ੌਕੀਨ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਬਾਹਰੋਂ ਕੁਝ ਖਰੀਦਣ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਖਾਣਾ ਕਿਹੜੇ ਮਾਹੌਲ ਵਿੱਚ ਅਤੇ ਕਿਹੜੀਆਂ ਵਸਤਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ। ਸਵਾਦ ਲਈ ਸਿਹਤ ਨਾਲ ਸਮਝੌਤਾ ਕਰਨ ਦੀ ਬਜਾਏ ਸਾਫ਼-ਸੁਥਰੇ ਅਤੇ ਸੁਰੱਖਿਅਤ ਭੋਜਨ ਨੂੰ ਤਰਜੀਹ ਦੇਣਾ ਹੀ ਸਮਝਦਾਰੀ ਹੈ।