
Skip to content

ਸੈਨੇਟ ਚੋਣਾਂ ਵਿੱਚ ਵੱਖਰੇ ਮੁੱਦਿਆਂ ਨੂੰ ਲੈ ਕੇ ਚੋਣ ਪ੍ਰਚਾਰ ਨੇ ਖਿੱਚਿਆ ਧਿਆਨ
ਜਤਿੰਦਰ ਪਿੰਕਲ, ਫ਼ਿਰੋਜ਼ਪੁਰ: 20 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਹੋਣ ਜਾ ਰਹੀਆਂ ਸੈਨੇਟ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਨ੍ਹਾਂ ਚੋਣਾਂ ਵਿੱਚ ਫ਼ਿਰੋਜ਼ਪੁਰ ਦੀ ਧੀ ਰੂਪ ਕਮਲ ਚਾਵਲਾ ਕੰਬੋਜ, ਧਰਮਪਤਨੀ ਗੁਰਭੇਜ ਸਿੰਘ ਟਿੱਬੀ, ਗ੍ਰੈਜੂਏਟ ਕਾਂਸਟੀਚੂਐਂਸੀ ਤੋਂ ਚੋਣ ਮੈਦਾਨ ਵਿੱਚ ਉਤਰੀ ਹਨ। ਉਨ੍ਹਾਂ ਵੱਲੋਂ ਚੁੱਕੇ ਜਾ ਰਹੇ ਵੱਖਰੇ ਅਤੇ ਖੇਤਰ ਨਾਲ ਸਬੰਧਤ ਮੁੱਦਿਆਂ ਕਾਰਨ ਉਨ੍ਹਾਂ ਦੀ ਚੋਣ ਮੁਹਿੰਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਸੀਰੀਅਲ ਨੰਬਰ 41 ਲਈ ਵੋਟਾਂ ਦੀ ਅਪੀਲ ਕਰ ਰਹੀ ਰੂਪ ਕਮਲ ਚਾਵਲਾ ਕੰਬੋਜ ਵੱਲੋਂ ਸੈਨੇਟ ਚੋਣਾਂ ਲਈ ਆਪਣਾ ਵਿਸ਼ੇਸ਼ ਮੈਨੀਫੈਸਟੋ ਵੀ ਤਿਆਰ ਕੀਤਾ ਗਿਆ ਹੈ। ਉਹ ਕਾਲਜਾਂ, ਸਕੂਲਾਂ ਅਤੇ ਪਿੰਡਾਂ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾ ਰਹੀ ਹੈ।
ਰੂਪ ਕਮਲ ਚਾਵਲਾ ਕੰਬੋਜ ਨੇ ਕਿਹਾ ਕਿ ਜੇਕਰ ਉਹ ਚੋਣ ਜਿੱਤ ਕੇ ਸੈਨੇਟ ਵਿੱਚ ਪਹੁੰਚਦੇ ਹਨ ਤਾਂ ਸਰਹੱਦੀ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ-ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਪੰਜਾਬ ਯੂਨੀਵਰਸਿਟੀ ਦੇ ਪੱਧਰ ’ਤੇ ਫ਼ਿਰੋਜ਼ਪੁਰ ਅਤੇ ਸਰਹੱਦੀ ਖੇਤਰਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਹੈ।
ਉਨ੍ਹਾਂ ਦੇ ਮੁੱਖ ਮੁੱਦਿਆਂ ਵਿੱਚ ਫ਼ਿਰੋਜ਼ਪੁਰ ਵਿੱਚ ਪੰਜਾਬ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਸਥਾਪਿਤ ਕਰਵਾਉਣਾ, ਮਾਲਵਾ ਖੇਤਰ ਲਈ ਰੀਜਨਲ ਐਡਮਿਨਿਸਟ੍ਰੇਟਿਵ ਦਫ਼ਤਰ ਬਣਾਉਣਾ, ਸਰਹੱਦੀ ਖੇਤਰ ਦੇ ਵਿਦਿਆਰਥੀਆਂ ਲਈ ਬਾਰਡਰ ਏਰੀਆ ਦੀ ਹੱਦ 40 ਕਿਲੋਮੀਟਰ ਤੱਕ ਕਰਵਾਉਣਾ, ਸਰਕਾਰੀ ਕਾਲਜਾਂ ਵਿੱਚ ਮਾਸਟਰ ਡਿਗਰੀ ਕੋਰਸਾਂ ਦਾ ਵਿਸਥਾਰ ਕਰਵਾਉਣਾ ਅਤੇ ਸਰਹੱਦੀ ਖੇਤਰਾਂ ਦੇ ਸਰਕਾਰੀ ਕਾਲਜਾਂ ਵਿੱਚ ਸਟਾਫ਼ ਦੀ ਘਾਟ ਨੂੰ ਦੂਰ ਕਰਵਾਉਣਾ ਸ਼ਾਮਲ ਹਨ।
ਰੂਪ ਕਮਲ ਚਾਵਲਾ ਕੰਬੋਜ ਨੇ ਕਿਹਾ ਕਿ ਸਰਹੱਦੀ ਖੇਤਰ ਹੋਣ ਕਾਰਨ ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਯੂਨੀਵਰਸਿਟੀ ਪੱਧਰ ’ਤੇ ਇਨ੍ਹਾਂ ਖੇਤਰਾਂ ਲਈ ਵਿਸ਼ੇਸ਼ ਸਹੂਲਤਾਂ ਅਤੇ ਮੌਕੇ ਯਕੀਨੀ ਬਣਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਲਗਭਗ 40 ਸਾਲਾਂ ਤੋਂ ਫ਼ਿਰੋਜ਼ਪੁਰ ਤੋਂ ਕੋਈ ਸੈਨੇਟਰ ਚੁਣਿਆ ਨਹੀਂ ਗਿਆ, ਜੋ ਪੰਜਾਬ ਯੂਨੀਵਰਸਿਟੀ ਵਿੱਚ ਫ਼ਿਰੋਜ਼ਪੁਰ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀ ਆਵਾਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕੇ। ਉਨ੍ਹਾਂ ਦੀ ਟੀਮ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਵਾਰ ਫ਼ਿਰੋਜ਼ਪੁਰੀਏ ਇਸ ਘਾਟ ਨੂੰ ਦੂਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਮੁੱਦਿਆਂ ਨੂੰ ਕੇਂਦਰ ਵਿੱਚ ਰੱਖ ਕੇ ਚਲਾਈ ਜਾ ਰਹੀ ਰੂਪ ਕਮਲ ਚਾਵਲਾ ਕੰਬੋਜ ਦੀ ਚੋਣ ਮੁਹਿੰਮ ਨੂੰ ਵੱਖ-ਵੱਖ ਵਰਗਾਂ ਵੱਲੋਂ ਮਿਲ ਰਹੇ ਹੁੰਗਾਰੇ ਨੇ ਸੈਨੇਟ ਚੋਣਾਂ ਨੂੰ ਫ਼ਿਰੋਜ਼ਪੁਰ ਵਿੱਚ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ।
Related