
Skip to content

ਦੇਵ ਖਰੌੜ ਨੇ ਕਿਹਾ—ਇਹ ਮੇਰੀਆਂ ਬੇਹਤਰੀਨ ਫਿਲਮਾਂ ਵਿੱਚੋਂ ਇੱਕ ਸਾਬਤ ਹੋਵੇਗੀ
ਜਤਿੰਦਰ ਪਿੰਕਲ, ਫਿਰੋਜ਼ਪੁਰ: ਪੰਜਾਬੀ ਫਿਲਮ ‘ਮਿੱਟੀ ਦੇ ਪੁੱਤ’ ਦੀ ਸਟਾਰ ਕਾਸਟ ਅਤੇ ਫਿਲਮ ਨਾਲ ਜੁੜੀ ਟੀਮ ਸਤਲੁਜ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਪੁੱਜੀ। ਇਸ ਮੌਕੇ ਫਿਲਮ ਦੇ ਨਿਰਮਾਤਾ ਇਕਬਾਲ ਸਿੰਘ ਚੀਮਾ ਅਤੇ ਅਮਰ ਹੁੰਦਲ ਸਮੇਤ ਫਿਲਮ ਦੇ ਕਲਾਕਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਫਿਲਮ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ‘ਮਿੱਟੀ ਦੇ ਪੁੱਤ’ ਉਸ ਦੀਆਂ ਬੇਹਤਰੀਨ ਫਿਲਮਾਂ ਵਿੱਚੋਂ ਇੱਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਫਿਲਮ ਦੀ ਕਹਾਣੀ ਅਤੇ ਇਸ ਨਾਲ ਜੁੜੇ ਵਿਸ਼ੇ ਦਰਸ਼ਕਾਂ ਨੂੰ ਪੰਜਾਬ ਦੀ ਮਿੱਟੀ, ਲੋਕ ਜੀਵਨ ਅਤੇ ਪੰਜਾਬੀ ਭਾਵਨਾਵਾਂ ਨਾਲ ਜੋੜਨ ਦਾ ਯਤਨ ਕਰਦੇ ਹਨ।
ਫਿਲਮ ਦੀ ਟੀਮ ਵਿੱਚ ਦੇਵ ਸ਼ਰਨ, ਸ਼ਰਨ ਕੌਰ, ਵਿਕ੍ਰਮਜੀਤ ਵਿਰਕ, ਵਿਕ੍ਰਮਜੀਤ ਖਹਿਰਾ, ਦੀਪਕ ਕੰਬੋਜ, ਅਮਨ ਸੁਤਧਾਰ ਅਤੇ ਪ੍ਰਦੀਪ ਚੀਮਾ ਸਮੇਤ ਹੋਰ ਕਲਾਕਾਰ ਵੀ ਮੌਜੂਦ ਸਨ। ਇਸ ਤੋਂ ਇਲਾਵਾ ਫਿਲਮ ਨਾਲ ਜੁੜੇ ਸ਼ਾਹਰੁਖ ਅਤੇ ਹੋਰ ਕਲਾਕਾਰਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ। ਫਿਲਮ ਦੇ ਗੀਤਾਂ ਨਾਲ ਜੁੜੀ ਗਾਇਕਾ ਤਨਵੀ ਸ਼ਰਮਾ ਵੀ ਇਸ ਮੌਕੇ ਹਾਜ਼ਰ ਰਹੀ।
ਫਿਲਮ ਦੀ ਕਹਾਣੀ ਅਮਰ ਹੁੰਦਲ ਵੱਲੋਂ ਲਿਖੀ ਗਈ ਹੈ, ਜਦਕਿ ਫਿਲਮ ਦੇ ਸੰਵਾਦ ਰਿਆਨ ਖਾਨ ਅਤੇ ਰਾਜ ਸਿੰਘ ਝਿੰਜਰ ਵੱਲੋਂ ਲਿਖੇ ਗਏ ਹਨ। ਫਿਲਮ ਦੀ ਟੀਮ ਨੇ ਦੱਸਿਆ ਕਿ ‘ਮਿੱਟੀ ਦੇ ਪੁੱਤ’ ਪੰਜਾਬੀ ਸਿਨੇਮਾ ਦੀ ਅਜਿਹੀ ਪੇਸ਼ਕਸ਼ ਹੈ, ਜਿਸ ਰਾਹੀਂ ਪੰਜਾਬੀ ਮਿੱਟੀ, ਲੋਕ ਜੀਵਨ ਅਤੇ ਇਸ ਨਾਲ ਜੁੜੀਆਂ ਭਾਵਨਾਵਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।
ਟੀਮ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬੀ ਸਿਨੇਮਾ ਨੂੰ ਨਵੀਆਂ ਕਹਾਣੀਆਂ ਅਤੇ ਨਵੇਂ ਕਲਾਕਾਰਾਂ ਨਾਲ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਰਸ਼ਕਾਂ ਵੱਲੋਂ ਮਿਲਣ ਵਾਲਾ ਪਿਆਰ ਅਤੇ ਸਹਿਯੋਗ ਹੀ ਕਿਸੇ ਵੀ ਫਿਲਮ ਦੀ ਸਫਲਤਾ ਦਾ ਸਭ ਤੋਂ ਵੱਡਾ ਆਧਾਰ ਹੁੰਦਾ ਹੈ।
ਇਸ ਮੌਕੇ ਸਤਲੁਜ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਅਤੇ ਪੱਤਰਕਾਰਾਂ ਵੱਲੋਂ ਫਿਲਮ ਦੀ ਪੂਰੀ ਟੀਮ ਦਾ ਸਵਾਗਤ ਕੀਤਾ ਗਿਆ। ਕਲੱਬ ਮੈਂਬਰਾਂ ਨੇ ਕਲਾਕਾਰਾਂ ਨਾਲ ਪੰਜਾਬੀ ਸਿਨੇਮਾ, ਫਿਲਮ ਦੀ ਕਹਾਣੀ ਅਤੇ ਇਸ ਨਾਲ ਜੁੜੇ ਵੱਖ-ਵੱਖ ਪੱਖਾਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ।
Related