ਫ਼ਰੀਦਕੋਟ, 11 ਅਕਤੂਬਰ (ਵਿਪਨ ਮਿੱਤਲ) -ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਅੱਜ ਚਾਰ ਦਿਨਾਂ ਪੁਸਤਕ ਮੇਲੇ ਦੀ ਸ਼ੁਰੂਆਤ ਕੀਤੀ ਗਈ। ਇਸ ਪੁਸਤਕ ਮੇਲੇ ਦਾ ਉਦਘਾਟਨ ਪ੍ਰਿੰਸੀਪਲ ਸ੍ਰੀ ਅਪੂਰਵ ਦੇਵਗਨ ਨੇ ਕੀਤਾ। ਇਸ ਮੌਕੇ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀ ਪੁਸਤਕਾਂ ਖ਼ਰੀਦਣ ਅਤੇ ਵੇਖਣ ਲਈ ਪਹੁੰਚੇ ਜਿਨ੍ਹਾਂ ਨੂੰ ਪ੍ਰਿੰਸੀਪਲ ਸ਼੍ਰੀ ਦੇਵਗਣ ਨੇ ਪੁਸਤਕਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਗੀ ਪੜ੍ਹਨਯੋਗ ਕਿਤਾਬ ਨੂੰ ਖ਼ਰੀਦਣ ਤੋਂ ਝਿਜਕਣਾ ਨਹੀਂ ਚਾਹੀਦਾ ਕਿਉਂਕਿ ਦੁਨਿਆਵੀ ਧਨ ਦੌਲਤ ਦੇ ਜਖ਼ੀਰੇ ਪੁਸਤਕਾਂ ਪੜ੍ਹਕੇ ਹੀ ਮਿਲਦੇ ਹਨ। ਪੁਸਤਕ ਮਨੁੱਖ ਦੀ ਸੱਚੀ ਦੋਸਤ ਹੈ। ਕਿਤਾਬਾਂ ਦੇ ਭੰਡਾਰ ਨੂੰ ਪਾਠਕਾਂ ਤੱਕ ਲੈ ਕੇ ਜਾਣ ’ਚ ਪੁਸਤਕ ਪ੍ਰਦਰਸ਼ਨੀਆਂ ਦੀ ਮਹੱਤਵਪੂਰਨ ਭੂਮਿਕਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਨੇ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਦੇ ਫਾਇਦਿਆਂ ਦੇ ਨਾਲ-ਨਾਲ ਪੁਸਤਕਾਂ ਵਿਚਲੇ ਸ਼ਬਦਾਂ ਤੇ ਸਿੱਖਿਆ ਨੂੰ ਜੀਵਨ ਸ਼ੈਲੀ ਦਾ ਅੰਗ ਬਣਾਉਣ ਲਈ ਵੀ ਕਿਹਾ। ਡਾ. ਗੁਰਸੇਵਕ ਸਿੰਘ ਸੀਨੀਅਰ ਵਾਇਸ ਪ੍ਰਧਾਨ, ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਅਤੇ ਸਵਰਨਜੀਤ ਸਿੰਘ ਗਿੱਲ ਖਜ਼ਾਨਚੀ ਨੇ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਦੀ ਭਰਪੂਰ ਸ਼ਬਦਾਂ ’ਚ ਸ਼ਲਾਘਾ ਕੀਤੀ। ਪ੍ਰਦਰਸ਼ਨੀ ਦੀ ਦੇਖ-ਰੇਖ ਕਰ ਰਹੇ ਲਾਇਬ੍ਰੇਰੀ ਇੰਚਾਰਜ ਪੂਨਮ ਬਾਲਾ ਨੇ ਦੱਸਿਆ ਕਿ ‘ਸ੍ਰੀ ਬੁੱਕ ਫੇਅਰ’ ਵੱਲੋਂ ਲਾਏ ਗਏ ਇਸ ਚਾਰ ਰੋਜ਼ਾ ਪੁਸਤਕ ਮੇਲੇ ’ਚ 7000 ਦੇ ਕਰੀਬ ਪੁਸਤਕਾਂ ਦੀ ਪ੍ਰਦਰਸ਼ਨੀ ਚਾਰ ਦਿਨ ਤੱਕ ਲਗਾਈ ਜਾਵੇਗੀ। ਪੁਸਤਕਾਂ ਦੀ ਖ਼ਰੀਦ ’ਤੇ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਦੇ ਨਾਲ ਵਾਇਸ ਪ੍ਰਿੰਸੀਪਲ ਰਾਕੇਸ਼ ਧਵਨ ਅਤੇ ਸਮੂਹ ਕੋਆਡੀਨੇਟਰ ਸਾਹਿਬਾਨ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਚੰਗੀਆਂ ਪੁਸਤਕਾਂ ਨਾਲ ਜੋੜਨ ਵਾਸਤੇ ਸੰਸਥਾ ਅਜਿਹੇ ਉਪਰਾਲੇ ਨਿਰੰਤਰ ਕਰਦੀ ਹੈ।