ਨਵੇਂ ਸਾਲ ‘ਤੇ ਚਿੰਤਪੁਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਇਸ ਸਾਲ ਵੀ 31 ਦਸੰਬਰ ਅਤੇ 1 ਜਨਵਰੀ ਨੂੰ ਧਾਰਮਿਕ ਸਥਾਨ ਚਿੰਤਪੁਰਨੀ ਵਿਖੇ ਨਵੇਂ ਸਾਲ ਮੌਕੇ ਮਾਂ ਚਿੰਤਪੁਰਨੀ ਦਾ ਮੇਲਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਮੰਦਰ ਸ਼ਰਧਾਲੂਆਂ ਲਈ 24 ਘੰਟੇ ਖੁੱਲ੍ਹਾ ਰਹੇਗਾ।
ਇਸ ਮੌਕੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਮੰਦਰ ਟਰੱਸਟ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਨਵੇਂ ਸਾਲ ਦੇ ਮੇਲੇ ਦੇ ਸਬੰਧ ਵਿੱਚ ਮੰਦਰ ਦੇ ਸਹਿ-ਕਮਿਸ਼ਨਰ ਅਤੇ ਐਸ.ਡੀ.ਐਮ. ਸਚਿਨ ਸ਼ਰਮਾ ਨੇ ਦੱਸਿਆ ਕਿ ਮੰਦਰ ਵਿੱਚ ਸੁਰੱਖਿਆ ਅਤੇ ਲਾਈਨ ਦੇ ਪ੍ਰਬੰਧ ਕਰਨ ਲਈ ਐਸ.ਪੀ. ਨੂੰ ਵਾਧੂ 50 ਸੁਰੱਖਿਆ ਬਲ ਭੇਜਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਬੀ.ਐਮ.ਓ. ਅੰਬ ਦੀ ਪ੍ਰਧਾਨਗੀ ਹੇਠ ਮੈਡੀਕਲ ਕੈਂਪ 24 ਘੰਟੇ ਲਗਾਇਆ ਜਾਵੇਗਾ। ਇਸ ਸਬੰਧੀ ਵਿਭਾਗ ਨੇ ਤਿਆਰੀਆਂ ਕਰ ਲਈਆਂ ਹਨ।
ਮੰਦਰ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਸਪੈਸ਼ਲ ਪ੍ਰਸ਼ਾਦ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਬਜ਼ੁਰਗਾਂ ਅਤੇ ਅਪਾਹਜਾਂ ਲਈ ਆਸਾਨ ਦਰਸ਼ਨ ਪ੍ਰਣਾਲੀ ਜਾਰੀ ਰਹੇਗੀ। ਮੰਦਿਰ ਦੀ ਸਫ਼ਾਈ ਨੂੰ ਮੁੱਖ ਰੱਖਦਿਆਂ ਰਾਤ 11 ਤੋਂ 12 ਵਜੇ ਤੱਕ 1 ਘੰਟੇ ਲਈ ਮੰਦਰ ਬੰਦ ਰਹੇਗਾ, ਬਾਕੀ 24 ਘੰਟੇ ਮੰਦਰ ਸ਼ਰਧਾਲੂਆਂ ਲਈ ਖੁੱਲ੍ਹਾ ਰਹੇਗਾ।