ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਦੇ ਖਿਡਾਰੀਆਂ ਨੇ ਜਿੱਤੇ 19 ਤਮਗੇ, 7 ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ’ਚ ਲਿਆ ਭਾਗ

ਜਤਿੰਦਰ ਪਿੰਕਲ, ਫਿਰੋਜ਼ਪੁਰ : ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਦੇ ਐਥਲੈਟਿਕ ਸੈਂਟਰ ਦੇ ਵਿਦਿਆਰਥੀਆਂ ਨੇ ਬਲਾਕ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ਵਿੱਚ ਕੁੱਲ 19 ਤਮਗੇ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ, ਜਦਕਿ 7 ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।

ਇਸ ਸ਼ਾਨਦਾਰ ਪ੍ਰਾਪਤੀ ਵਿੱਚ ਲਕਸ਼ਮੀ ਨੇ 3000 ਮੀਟਰ ਵਾਕ ਅਤੇ 1500 ਮੀਟਰ ਦੌੜ ਵਿੱਚ ਸੋਨੇ ਦੇ ਤਮਗੇ ਜਿੱਤੇ। ਅਨਮੋਲਪ੍ਰੀਤ ਕੌਰ ਨੇ 3000 ਮੀਟਰ ਵਾਕ ਵਿੱਚ ਪਹਿਲਾ ਅਤੇ 400 ਮੀਟਰ ਦੌੜ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੇਵ ਨੇ 3000 ਮੀਟਰ ਵਾਕ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਸਮੀਤ ਕੌਰ ਅਤੇ ਪਾਰਸ ਨੇ 400 ਮੀਟਰ ਦੌੜ ਵਿੱਚ ਕਾਂਸੀ ਦੇ ਤਮਗੇ ਜਿੱਤੇ, ਜਦਕਿ ਪਾਰਸ ਨੇ 200 ਮੀਟਰ ਦੌੜ ਵਿੱਚ ਵੀ ਤੀਜਾ ਸਥਾਨ ਹਾਸਲ ਕੀਤਾ। ਗੁਰਤੇਜ ਨੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ।

ਇਸ ਤੋਂ ਇਲਾਵਾ ਸਕੂਲ ਦੇ ਹੋਰ ਖਿਡਾਰੀਆਂ ਨੇ ਲੰਬੀ ਛਾਲ, 200 ਮੀਟਰ, 400 ਮੀਟਰ, 600 ਮੀਟਰ, 1500 ਮੀਟਰ ਅਤੇ 3000 ਮੀਟਰ ਦੌੜਾਂ ਸਮੇਤ ਜੈਵਲਿਨ ਥ੍ਰੋਅ ਦੇ ਮੁਕਾਬਲਿਆਂ ਵਿੱਚ ਵੀ ਤਮਗੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਅਵਤਾਰ ਸਿੰਘ, ਗਣਿਤ ਅਧਿਆਪਕ ਅਸ਼ਵਨੀ ਸ਼ਰਮਾ ਅਤੇ ਡੀ.ਪੀ.ਈ. ਅਮਨਦੀਪ ਕੌਰ ਨੇ ਖਿਡਾਰੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਅਨੁਸ਼ਾਸਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਐਥਲੈਟਿਕ ਸੈਂਟਰ ਦੇ ਟ੍ਰੇਨਰ ਮਨਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਅਤੇ ਸਿਖਲਾਈ ਨੂੰ ਵੀ ਇਸ ਸਫਲਤਾ ਦਾ ਅਹਿਮ ਆਧਾਰ ਦੱਸਿਆ।

ਖਿਡਾਰੀਆਂ ਦੀ ਇਸ ਪ੍ਰਾਪਤੀ ਵਿੱਚ ਐਨ.ਆਰ.ਆਈ. ਮਨਦੀਪ ਸਿੰਘ ਧਨੋਆ (ਬੱਬੂ) ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਉਹ ਆਪਣੇ ਮਿਹਨਤ ਨਾਲ ਕਮਾਏ ਪੈਸਿਆਂ ਵਿੱਚੋਂ ਖਿਡਾਰੀਆਂ ਦੀ ਖੁਰਾਕ ਅਤੇ ਹੋਰ ਖੇਡ ਖਰਚਿਆਂ ਲਈ ਲਗਾਤਾਰ ਸਹਿਯੋਗ ਦੇ ਰਹੇ ਹਨ। ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਪਿੰਡ ਦੀ ਪੰਚਾਇਤ, ਐਸ.ਐਮ.ਸੀ. ਦੇ ਚੇਅਰਮੈਨ ਗੁਰਲਾਲ ਸਿੰਘ, ਸਰਪੰਚ ਭਜਨ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਨੇ ਖਿਡਾਰੀਆਂ, ਕੋਚ ਅਤੇ ਸਕੂਲ ਸਟਾਫ਼ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਖਿਡਾਰੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਕੋਚ ਦੀ ਲਗਨ ਅਤੇ ਸਮਾਜ ਵੱਲੋਂ ਮਿਲ ਰਹੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਹੋਣਹਾਰ ਖਿਡਾਰੀ ਭਵਿੱਖ ਵਿੱਚ ਵੀ ਉੱਚ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਪਿੰਡ ਅਤੇ ਇਲਾਕੇ ਦਾ ਨਾਮ ਹੋਰ ਉੱਚਾ ਕਰਨਗੇ।