ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮਾਂ ਤੇ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਕੱਢਿਆ ਵਿਸ਼ਾਲ ਰੋਸ ਮਾਰਚ
ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਬੰਦ ਭੱਤੇ ਮੁੜ ਲਾਗੂ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਉਠਾਈ ਮੰਗ
ਜਤਿੰਦਰ ਪਿੰਕਲ, ਫ਼ਿਰੋਜ਼ਪੁਰ: ਸਾਂਝੀ ਤਾਲਮੇਲ ਕਮੇਟੀ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ, ਸਾਂਝਾ ਮੁਲਾਜ਼ਮ ਮੰਚ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਪੰਜਾਬ ਦੇ ਸੱਦੇ ’ਤੇ 21 ਅਕਤੂਬਰ ਨੂੰ ਮੁਲਾਜ਼ਮਾਂ, ਅਧਿਆਪਕਾਂ ਅਤੇ ਪੈਨਸ਼ਨਰਾਂ ਨੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਸਕੂਲ ਬੰਦ ਰਹੇ। ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਕੱਠੇ ਹੋ ਕੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਅਣਗਹਿਲੀ ਵਾਲੇ ਰਵੱਈਏ ਵਿਰੁੱਧ ਰੋਸ ਜ਼ਾਹਿਰ ਕੀਤਾ।
ਇਸ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਬਸਤੀ ਟੈਂਕਾਂ ਵਾਲੀ, ਸ਼ਹੀਦ ਊਧਮ ਸਿੰਘ ਚੌਕ ਅਤੇ ਰੇਲਵੇ ਪੁਲ ਰਾਹੀਂ ਡੀ.ਸੀ. ਦਫ਼ਤਰ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਗੂਆਂ ਨੇ ਸਰਕਾਰ ਦੇ ਚੋਣ ਵਾਅਦਿਆਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਆਪਣਾ ਪੱਖ ਲੋਕਾਂ ਸਾਹਮਣੇ ਰੱਖਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੰਜਾਬ ਪੇਅ ਸਕੇਲ ਮੁੜ ਲਾਗੂ ਕੀਤੇ ਜਾਣ, ਪੇਂਡੂ ਭੱਤਾ, ਬਾਰਡਰ ਭੱਤਾ ਅਤੇ ਬੰਦ ਕੀਤੇ ਗਏ 37 ਤਰ੍ਹਾਂ ਦੇ ਹੋਰ ਭੱਤੇ ਬਹਾਲ ਕੀਤੇ ਜਾਣ ਅਤੇ ਏ.ਸੀ.ਪੀ. ਸਕੀਮ ਲਾਗੂ ਕੀਤੀ ਜਾਵੇ।
ਆਗੂਆਂ ਨੇ ਕੰਪਿਊਟਰ ਅਧਿਆਪਕਾਂ ਅਤੇ ਐਨ.ਐੱਸ.ਕਿਊ.ਐੱਫ. ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕਰਨ ਅਤੇ 17 ਜੁਲਾਈ 2020 ਤੇ 15 ਜਨਵਰੀ 2015 ਦੇ ਪੱਤਰ ਰੱਦ ਕਰਕੇ ਬਣਦੇ ਵਿੱਤੀ ਲਾਭ ਦੇਣ ਦੀ ਮੰਗ ਵੀ ਉਠਾਈ। ਇਸ ਤੋਂ ਇਲਾਵਾ ਸਾਲ 2023 ਵਿੱਚ ਬਣਾਏ ਗਏ ਸਪੈਸ਼ਲ ਕਾਡਰ ਦੇ ਅਧਿਆਪਕਾਂ ਨੂੰ ਸੀ.ਐੱਸ.ਆਰ. ਦੇ ਘੇਰੇ ਵਿੱਚ ਲਿਆਉਣ, ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਆਂਗਣਵਾੜੀ ਵਰਕਰਾਂ, ਹੈਲਪਰਾਂ ਤੇ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਸਬੰਧੀ ਕਾਨੂੰਨ ਅਨੁਸਾਰ ਹੱਕ ਦੇਣ ਦੀ ਮੰਗ ਕੀਤੀ ਗਈ।
ਇਸ ਮੌਕੇ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਮਾਨਸਾ ਦੇ ਸਾਥੀ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਗਈ।
ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮ ਆਗੂਆਂ ਨਾਲ ਹਰ 15 ਦਿਨਾਂ ਬਾਅਦ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਕਤੂਬਰ ਦੇ ਪਹਿਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਨਹੀਂ ਕੀਤੀ ਗਈ। ਉਨ੍ਹਾਂ ਇਸ ਨੂੰ ਵਾਅਦਾਖ਼ਿਲਾਫ਼ੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਨਿਰਾਸ਼ਾ ਹੁਣ ਗੁੱਸੇ ਵਿੱਚ ਬਦਲ ਰਹੀ ਹੈ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਦਾ ਹੱਲ ਨਾ ਕੀਤਾ ਅਤੇ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੱਠ ਲੱਖ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਨੂੰ ਸਬਕ ਸਿਖਾਉਣਗੇ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ 22 ਅਕਤੂਬਰ ਨੂੰ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਅੱਗੇ ਵਿਸ਼ਾਲ ਇਕੱਠ ਕਰਕੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਇਸ ਮੌਕੇ ਪਿੱਪਲ ਸਿੰਘ ਸਿੱਧੂ, ਸੁਰਿੰਦਰ ਪਾਲ ਸ਼ਰਮਾ, ਰਾਕੇਸ਼ ਸ਼ਰਮਾ, ਰਮਨਦੀਪ ਸਿੰਘ, ਮਲਕੀਤ ਸਿੰਘ ਹਰਾਜ, ਨਰਿੰਦਰ ਸ਼ਰਮਾ, ਪ੍ਰਤਾਪ ਸਿੰਘ, ਅਜੀਤ ਸਿੰਘ ਸੋਢੀ, ਪਰਮਜੀਤ ਸਿੰਘ ਪੰਮਾ, ਜਗਸੀਰ ਸਿੰਘ ਗਿੱਲ, ਲਖਵਿੰਦਰ ਸਿੰਘ ਸਿਮਕ, ਸਰਬਜੀਤ ਸਿੰਘ ਭਾਵੜਾ, ਜਗਸੀਰ ਸਿੰਘ ਭਾਂਗਰ, ਹਰਜੀਤ ਸਿੰਘ ਸਿੱਧੂ, ਪ੍ਰਦੀਪ ਕੁਮਾਰ, ਬਲਬੀਰ ਕੰਬੋਜ, ਪ੍ਰਤਾਪ ਸਿੰਘ ਢਿੱਲੋਂ, ਓਮ ਪ੍ਰਕਾਸ਼, ਰਾਜਬੀਰ ਢਿੱਲੋਂ, ਸੋਨੂੰ ਕਸ਼ਯਪ, ਗੁਰਤੇਜ ਸਿੰਘ, ਰਾਮ ਪ੍ਰਸਾਦ, ਮਨੋਹਰ ਲਾਲ, ਗੁਰਜੀਤ ਸਿੰਘ, ਨਿਰਮਲ ਸਿੰਘ, ਸਰਬਜੀਤ ਸਿੰਘ ਟੁਰਨਾ, ਬਲਵਿੰਦਰ ਸਿੰਘ ਸੰਧੂ, ਨਵੀਨ ਸਚਦੇਵਾ, ਬਲਰਾਮ ਸ਼ਰਮਾ, ਰਾਜਦੀਪ ਸੰਧੂ ਅਤੇ ਸੁਰਿੰਦਰ ਕੰਬੋਜ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਹਾਜ਼ਰ ਸਨ।
