ਜਲੰਧਰ (ਪਰਮਜੀਤ ਸਿੰਘ ਨੈਨਾ) : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਅੱਜ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਧਾਰਮਿਕ ਸਟੇਜਾਂ ਦਾ ਸ਼ਿੰਗਾਰ ਅਤੇ ਪੰਜਾਬ ਦੇ ਰਫ਼ੀ ਵਜੋਂ ਪ੍ਰਸਿੱਧ ਵਿਖਿਆਤ ਕਵੀ, ਗਾਇਕ ਅਤੇ ਗੀਤਕਾਰ ਸ੍ਰ ਰਛਪਾਲ ਸਿੰਘ ਪਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੂੰ ਸਮਰਪਿਤ ਆਪਣੀ 52 ਕਲੀਆਂ ਵਾਲੀ ਰਚਨਾ ਸੰਗਤਾਂ ਨੂੰ ਸੁਣਾ ਕੇ ਜੈਕਾਰਿਆਂ ਦੇ ਰੂਪ ਵਿੱਚ ਅਸੀਸ ਪ੍ਰਾਪਤ ਕੀਤੀ। ਇਨ੍ਹਾਂ ਤੋਂ ਇਲਾਵਾ ਮਾਸਟਰ ਮਹਿੰਦਰ ਸਿੰਘ ਅਨੇਜਾ, ਗੁਰਦੀਪ ਸਿੰਘ ਉਜਾਲਾ, ਕੁਲਵਿੰਦਰ ਸਿੰਘ ਗਾਖ਼ਲ, ਇੰਦਰਪਾਲ ਸਿੰਘ ਅਰੋੜਾ, ਹਰਜਿੰਦਰ ਸਿੰਘ ਜਿੰਦੀ, ਉਰਮਿਲਜੀਤ ਸਿੰਘ ਵਾਲੀਆ, ਭਾਈ ਤਰਸੇਮ ਸਿੰਘ, ਸਤਪਾਲ ਸਿੰਘ ਅਲਗ, ਅਜੀਤ ਸਿੰਘ ਪੁਸ਼ਪ (ਜਰਮਨੀ) ਨੇ ਵੀ ਆਪਣੀਆਂ ਕਵਿਤਾਵਾਂ ਦੁਆਰਾ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਬੇਅੰਤ ਸਿੰਘ ਸਰਹੱਦੀ ਜੀ ਨੇ ਵੀ ਸੰਗਤਾਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਿਆਂ ਆਪਣੇ ਵੀਚਾਰ ਸਾਂਝੇ ਕੀਤੇ। ਚੱਲ ਰਹੀ ਸਹਿਜ ਪਾਠਾਂ ਦੀ ਲੜੀ ਦੇ ਤਹਿਤ ਅਕਾਲੀ ਰਛਪਾਲ ਸਿੰਘ ਅਤੇ ਚੌਧਰੀ ਜਗਤ ਰਾਮ ਜੀ ਦੇ ਪ੍ਰਵਾਰਾਂ ਵਲੋਂ ਸ੍ਰੀ ਸਹਿਜ ਪਾਠਾਂ ਦੇ ਭੋਗ ਪੁਆਏ ਗਏ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ, ਸਰਹੱਦੀ ਜੀ, ਜਸਵਿੰਦਰ ਸਿੰਘ ਮੱਕੜ ਅਤੇ ਦਵਿੰਦਰ ਸਿੰਘ ਰਹੇਜਾ ਨੇ ਦੋਨਾਂ ਪ੍ਰਵਾਰਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤ। ਦੀਵਾਨ ਵਿੱਚ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਕੱਤਰ ਇੰਦਰਪਾਲ ਸਿੰਘ ਤੋਂ ਇਲਾਵਾ ਗੁਰਜੀਤ ਸਿੰਘ ਪੋਪਲੀ, ਹਰਬੰਸ ਸਿੰਘ, ਬਿਸ਼ਨ ਸਿੰਘ ਆਦਿ ਪਤਵੰਤੇ ਹਾਜਰ ਸਨ। ਸਮਾਪਤੀ ਉਪਰੰਤ ਸਮੂਹ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਛਕਾਇਆ।