
Skip to content

ਅਮਿਤ ਨੱਖਵਾਲ: ਜਲੰਧਰ ਸ਼ਹਿਰ ਦੇ ਅਸ਼ੋਕ ਨਗਰ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੇ ਇੱਕ ਗ੍ਰੰਥੀ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਬੀੜੀ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗ੍ਰੰਥੀ ਕੋਲੋਂ ਪੁੱਛਗਿੱਛ ਕਰਦੇ ਦਿਖਾਈ ਦੇ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਗ੍ਰੰਥੀ ਦੀ ਪਛਾਣ ਕਿਰਪਾਲ ਸਿੰਘ ਵਜੋਂ ਹੋਈ ਹੈ, ਜੋ ਰਾਜਪੁਰਾ, ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਵਾਇਰਲ ਵੀਡੀਓ ਵਿੱਚ ਪੁੱਛਗਿੱਛ ਦੌਰਾਨ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਬੀੜੀ ਪੀਣ ਦੀ ਗੱਲ ਕਬੂਲ ਕਰਦਾ ਦਿਖਾਈ ਦੇ ਰਿਹਾ ਹੈ। ਕਮੇਟੀ ਮੈਂਬਰਾਂ ਵੱਲੋਂ ਉਸਦੇ ਬੈਗ ਅਤੇ ਮੋਬਾਈਲ ਫੋਨ ਦੀ ਤਲਾਸ਼ੀ ਲਏ ਜਾਣ ਦਾ ਵੀ ਵੀਡੀਓ ਵਿੱਚ ਜ਼ਿਕਰ ਹੈ। ਦਾਅਵਾ ਕੀਤਾ ਗਿਆ ਹੈ ਕਿ ਤਲਾਸ਼ੀ ਦੌਰਾਨ ਬੀੜੀਆਂ, ਸਿਗਰਟ, ਤੰਬਾਕੂ ਅਤੇ ਕੈਨਫੋਰਸ ਕੈਪਸੂਲ ਮਿਲੇ।
ਵੀਡੀਓ ਵਿੱਚ ਕਿਰਪਾਲ ਸਿੰਘ ਦੱਸਦਾ ਹੈ ਕਿ ਉਹ 6 ਅਗਸਤ 2026 ਨੂੰ ਜਲੰਧਰ ਦੇ ਅਸ਼ੋਕ ਨਗਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਸੇਵਾ ਲਈ ਆਇਆ ਸੀ। ਉਸਦੇ ਪੈਨ ਡਰਾਈਵਾਂ ਸਬੰਧੀ ਵੀ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਵਿੱਚ ਗੁਰਬਾਣੀ ਅਤੇ ਗਾਣਿਆਂ ਤੋਂ ਇਲਾਵਾ ਕੁਝ ਇਤਰਾਜ਼ਯੋਗ ਵੀਡੀਓ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ।
ਪੁੱਛਗਿੱਛ ਤੋਂ ਬਾਅਦ ਕਿਰਪਾਲ ਸਿੰਘ ਨੂੰ ਆਪਣੀ ਗਲਤੀ ਲਿਖਤੀ ਰੂਪ ਵਿੱਚ ਸਵੀਕਾਰ ਕਰਨ ਲਈ ਕਿਹਾ ਗਿਆ। ਵੀਡੀਓ ਮੁਤਾਬਕ ਉਸਨੇ ਲਿਖ ਕੇ ਦਿੱਤਾ ਕਿ ਉਹ ਭਵਿੱਖ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਜਾਂ ਡਿਊਟੀ ਨਹੀਂ ਕਰੇਗਾ। ਜਦੋਂ ਉਸਨੂੰ ਪੁੱਛਿਆ ਗਿਆ ਕਿ ਕੀ ਇਹ ਬਿਆਨ ਕਿਸੇ ਦਬਾਅ ਹੇਠ ਲਿਖਵਾਇਆ ਗਿਆ ਹੈ ਤਾਂ ਉਸਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਇਹ ਲਿਖ ਰਿਹਾ ਹੈ ਅਤੇ ਉਸ ‘ਤੇ ਕੋਈ ਦਬਾਅ ਨਹੀਂ ਹੈ।
ਵੀਡੀਓ ਵਿੱਚ ਕਿਰਪਾਲ ਸਿੰਘ ਇਹ ਵੀ ਕਹਿੰਦਾ ਦਿਖਾਈ ਦਿੰਦਾ ਹੈ ਕਿ ਉਸਦਾ ਮੋਬਾਈਲ ਫੋਨ, ਪਾਵਰ ਬੈਂਕ ਅਤੇ ਹੋਰ ਸਮਾਨ ਉਸਨੂੰ ਵਾਪਸ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਆਪਣੇ ਪਿਤਾ ਨਾਲ ਫੋਨ ‘ਤੇ ਗੱਲ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ। ਉਸਨੇ ਗੁਰੂ ਸਾਹਿਬ ਅਤੇ ਸੰਗਤ ਦੇ ਸਾਹਮਣੇ ਆਪਣੀ ਗਲਤੀ ਮੰਨਦਿਆਂ ਭਵਿੱਖ ਵਿੱਚ ਇਸਨੂੰ ਨਾ ਦੁਹਰਾਉਣ ਦਾ ਵਾਅਦਾ ਕੀਤਾ।
ਇਸ ਮਾਮਲੇ ਦੀ ਵੀਡੀਓ ਬਣਾਉਣ ਵਾਲੇ ਵਿਅਕਤੀ ਵੱਲੋਂ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਰਪਾਲ ਸਿੰਘ ਭਵਿੱਖ ਵਿੱਚ ਕਿਸੇ ਹੋਰ ਗੁਰਦੁਆਰਾ ਸਾਹਿਬ ਵਿੱਚ ਸੇਵਾ ਲਈ ਪਹੁੰਚਦਾ ਹੈ ਤਾਂ ਉਸਨੂੰ ਡਿਊਟੀ ‘ਤੇ ਨਾ ਲਗਾਇਆ ਜਾਵੇ।
ਹਾਲਾਂਕਿ, ਵਾਇਰਲ ਵੀਡੀਓ ਵਿੱਚ ਕੀਤੇ ਗਏ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ ਹੈ। ਮਾਮਲੇ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਅਧਿਕਾਰਤ ਪੱਖ ਦਾ ਵਿਸਥਾਰਤ ਬਿਆਨ ਸਾਹਮਣੇ ਆਉਣਾ ਬਾਕੀ ਹੈ।
ਰਿਪੋਰਟ: ਅਮਿਤ ਨੱਖਵਾਲ

Related