ਅਮਿਤ ਨੱਖਵਾਲ/ ਕੋਲੰਬੀਆ: ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਆਏ 7.4 ਤੀਬਰਤਾ ਦੇ ਭਿਆਨਕ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਹੁਣ ਤੱਕ 224 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ, ਜਦਕਿ 1,200 ਤੋਂ ਵੱਧ ਲੋਕ ਜ਼ਖ਼ਮੀ ਅਤੇ 3,000 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਅਧਿਕਾਰੀਆਂ ਮੁਤਾਬਕ ਦੇਸ਼ ਭਰ ਵਿੱਚ 86 ਇਮਾਰਤਾਂ ਢਹਿ ਗਈਆਂ ਹਨ ਅਤੇ 1,500 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ 18 ਸਿਹਤ ਕੇਂਦਰਾਂ ਅਤੇ 52 ਸਕੂਲਾਂ ਨੂੰ ਵੀ ਨੁਕਸਾਨ ਹੋਇਆ ਹੈ। ਸੱਤ ਹਵਾਈ ਅੱਡਿਆਂ ’ਤੇ ਕੰਮ ਰੋਕ ਦਿੱਤਾ ਗਿਆ ਹੈ, ਜਦਕਿ ਪੰਜ ਸ਼ਹਿਰਾਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ।

ਭੂਚਾਲ ਤੋਂ ਬਾਅਦ ਰਾਸ਼ਟਰਪਤੀ ਨੇ ਐਮਰਜੈਂਸੀ ਕਮੇਟੀ ਦੀ ਮੀਟਿੰਗ ਬੁਲਾ ਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਪੇਰੇਰਾ ਸ਼ਹਿਰ ਵਿੱਚ ਹੀ 60 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਲਗਭਗ 5 ਲੱਖ ਦੀ ਆਬਾਦੀ ਵਾਲਾ ਪੇਰੇਰਾ ਭੂਚਾਲ ਦੇ ਕੇਂਦਰ ਤੋਂ 64 ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਹੈ।

ਰਾਜਧਾਨੀ ਬੋਗੋਟਾ ਸਮੇਤ ਕਈ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸਾਵਧਾਨੀ ਵਜੋਂ ਲੋਕ ਇਮਾਰਤਾਂ ਤੋਂ ਬਾਹਰ ਨਿਕਲ ਕੇ ਸੜਕਾਂ ’ਤੇ ਆ ਗਏ।

ਯੂ.ਐਸ. ਜਿਓਲੋਜੀਕਲ ਸਰਵੇ ਮੁਤਾਬਕ ਭੂਚਾਲ ਸੋਮਵਾਰ ਸਵੇਰੇ ਕਰੀਬ 7:34 ਵਜੇ ਆਇਆ। ਇਸ ਦਾ ਕੇਂਦਰ ਚੋਕੋ ਖੇਤਰ ਵਿੱਚ ਸੈਨ ਜੋਸੇ ਡੇਲ ਪਾਲਮਾਰ ਨੇੜੇ ਦੱਸਿਆ ਗਿਆ ਹੈ ਅਤੇ ਭੂਚਾਲ 107 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ।

ਰਿਪੋਰਟ: ਅਮਿਤ ਨੱਖਵਾਲ