ਲੁਧਿਆਣਾ/ਅਮਿਤ ਨੱਖਵਾਲ : ਲੁਧਿਆਣਾ ਵਿੱਚ ਸੜਕ ਹਾਦਸੇ ਤੋਂ ਬਾਅਦ ਹੋਏ ਝਗੜੇ ਨੂੰ ਸੁਲਝਾਉਣ ਗਏ ਕੌਂਸਲਰ ਦੇ ਪੁੱਤਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪਹਿਲਾਂ ਦੋਵੇਂ ਧਿਰਾਂ ਵਿਚਕਾਰ ਬਹਿਸ ਹੁੰਦੀ ਦਿਖਾਈ ਦਿੰਦੀ ਹੈ ਅਤੇ ਇਸ ਤੋਂ ਬਾਅਦ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ।

ਪੀੜਤ ਦੀ ਪਛਾਣ ਕਰਨ ਨਨ ਚਾਹਲ ਵਜੋਂ ਹੋਈ ਹੈ। ਉਹ ਵਾਰਡ ਨੰਬਰ 21 ਦੀ ਕੌਂਸਲਰ ਅਨੀਤਾ ਨਨ ਚਾਹਲ ਦਾ ਪੁੱਤਰ ਹੈ।

ਕਰਨ ਨੇ ਦੱਸਿਆ ਕਿ ਦੁਪਹਿਰ ਸਮੇਂ ਪੰਕਜ ਨਾਮ ਦੇ ਨੌਜਵਾਨ ਦਾ ਉਸ ਨੂੰ ਫੋਨ ਆਇਆ ਸੀ। ਉਸ ਨੇ ਦੱਸਿਆ ਕਿ ਉਸ ਦਾ ਕਿਸੇ ਗੱਡੀ ਵਾਲੇ ਨਾਲ ਝਗੜਾ ਹੋ ਗਿਆ ਹੈ। ਕਰਨ ਮੁਤਾਬਕ, ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਇੱਕ ਨੌਜਵਾਨ ਨਾਲ ਕੁੱਟਮਾਰ ਹੋ ਚੁੱਕੀ ਸੀ। ਉਸ ਨੇ ਮਾਮਲਾ ਬੈਠ ਕੇ ਸੁਲਝਾਉਣ ਦੀ ਗੱਲ ਕੀਤੀ ਪਰ ਇਸ ਦੌਰਾਨ ਉਸ ’ਤੇ ਵੀ ਹਮਲਾ ਕਰ ਦਿੱਤਾ ਗਿਆ।

ਕਰਨ ਨੇ ਦੋਸ਼ ਲਗਾਇਆ ਕਿ ਉਸ ਦੇ ਨਾਲ ਆਏ ਹੋਰ ਵਿਅਕਤੀਆਂ ਨਾਲ ਵੀ ਕੁੱਟਮਾਰ ਕੀਤੀ ਗਈ। ਉਸ ਨੇ ਪ੍ਰਸ਼ਾਸਨ ਤੋਂ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਪੀੜਤ ਵੱਲੋਂ ਇਸ ਸਬੰਧੀ ਥਾਣਾ ਮੋਤੀ ਨਗਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਝਗੜੇ ਦੇ ਅਸਲ ਕਾਰਨਾਂ ਅਤੇ ਬਣਦੀ ਕਾਨੂੰਨੀ ਕਾਰਵਾਈ ਬਾਰੇ ਸਪੱਸ਼ਟ ਹੋਵੇਗਾ।

ਘਟਨਾ ਤੋਂ ਬਾਅਦ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਕੌਂਸਲਰ ਵੀ ਇਕੱਠੇ ਹੋ ਕੇ ਥਾਣਾ ਮੋਤੀ ਨਗਰ ਪਹੁੰਚੇ। ਉਨ੍ਹਾਂ ਨੇ ਮੰਗ ਕੀਤੀ ਕਿ ਸਾਰੇ ਕੌਂਸਲਰਾਂ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਅਜਿਹੀ ਘਟਨਾ ਮੁੜ ਨਾ ਵਾਪਰੇ।

ਰਿਪੋਰਟ: ਅਮਿਤ ਨੱਖਵਾਲ