Skip to content
ਪਤਨੀ ਦੇ ਕਿਸੇ ਹੋਰ ਨਾਲ ਸਬੰਧ ਹੋਣ ਦੇ ਸ਼ੱਕ ’ਚ ਵਾਰਦਾਤ ਨੂੰ ਦਿੱਤਾ ਅੰਜਾਮ, ਦੋ ਬੱਚਿਆਂ ਨੂੰ ਲੈ ਕੇ ਮੁਲਜ਼ਮ ਫ਼ਰਾਰ
ਕਨੌਜ ( ਅਮਿਤ ਨੱਖਵਾਲ ) : ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲਵ ਮੈਰਿਜ ਕਰਵਾਉਣ ਦੇ 11 ਸਾਲ ਬਾਅਦ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ, ਪਤੀ ਨੂੰ ਆਪਣੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਸਬੰਧ ਹੋਣ ਦਾ ਸ਼ੱਕ ਸੀ। ਇਸੇ ਰੰਜਿਸ਼ ਦੇ ਚਲਦਿਆਂ ਉਸ ਨੇ ਕਥਿਤ ਤੌਰ ’ਤੇ ਪਤਨੀ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਵੀਰਵਾਰ ਸਵੇਰੇ ਕਰੀਬ 7 ਵਜੇ ਸੁਖਬੀਰ ਸਿੰਘ ਉਰਫ਼ ਮੋਨੂ (35) ਨੇ ਆਪਣੀ ਪਤਨੀ ਸੋਨਮ (32) ਨੂੰ ਕੁਰਸੀ ਨਾਲ ਬੰਨ੍ਹ ਕੇ ਉਸ ’ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਘਟਨਾ ਤੋਂ ਬਾਅਦ ਮੁਲਜ਼ਮ ਆਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਘਰ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਕਰੀਬ ਡੇਢ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਫਾਇਰ ਕਰਮਚਾਰੀਆਂ ਵੱਲੋਂ ਘਰ ਅੰਦਰ ਜਾਂਚ ਕਰਨ ’ਤੇ ਸੋਨਮ ਦੇ ਸੜੇ ਹੋਏ ਅਵਸ਼ੇਸ਼ ਮਿਲੇ। ਇਹ ਘਟਨਾ ਛਿਬਰਾਮਾਊ ਕੋਤਵਾਲੀ ਇਲਾਕੇ ਦੇ ਜਗਤਪੁਰ ਪਿੰਡ ਵਿੱਚ ਵਾਪਰੀ, ਜੋ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਨੇ ਕਰੀਬ 11 ਸਾਲ ਪਹਿਲਾਂ ਸੋਨਮ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਵੇਂ ਹਿਸਾਰ ਵਿੱਚ ਨਿੱਜੀ ਖੇਤਰ ਵਿੱਚ ਕੰਮ ਕਰਦੇ ਸਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਵਿਆਹ ਤੋਂ ਬਾਅਦ ਉਹ ਹਿਸਾਰ ਵਿੱਚ ਹੀ ਰਹਿਣ ਲੱਗ ਪਏ ਸਨ। ਉਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚ 7 ਸਾਲ ਦਾ ਪੁੱਤਰ ਅਤੇ 5 ਸਾਲ ਦੀ ਧੀ ਸ਼ਾਮਲ ਹਨ।
ਮਿਲੀ ਜਾਣਕਾਰੀ ਅਨੁਸਾਰ, ਕਰੀਬ ਚਾਰ ਸਾਲ ਪਹਿਲਾਂ ਸੁਖਬੀਰ ਨੂੰ ਆਪਣੀ ਪਤਨੀ ਦੇ ਕਿਸੇ ਹੋਰ ਨੌਜਵਾਨ ਨਾਲ ਸਬੰਧ ਹੋਣ ਦਾ ਸ਼ੱਕ ਹੋਇਆ ਸੀ। ਇਸ ਤੋਂ ਬਾਅਦ ਉਹ ਸੋਨਮ ਨੂੰ ਆਪਣੇ ਪਿੰਡ ਲੈ ਆਇਆ ਸੀ। ਦੋਸ਼ ਹੈ ਕਿ ਪਿੰਡ ਵਿੱਚ ਰਹਿੰਦਿਆਂ ਵੀ ਸੋਨਮ ਦੇ ਕਿਸੇ ਹੋਰ ਨੌਜਵਾਨ ਨਾਲ ਸਬੰਧਾਂ ਦੀ ਗੱਲ ਸਾਹਮਣੇ ਆਈ ਸੀ।
ਸੁਖਬੀਰ ਦੀਵਾਲੀ ਦੀਆਂ ਛੁੱਟੀਆਂ ਮਨਾਉਣ ਲਈ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਪਿੰਡ ਪਹੁੰਚਿਆ ਸੀ। ਇਸ ਦੌਰਾਨ ਉਸ ਨੂੰ ਪਿੰਡ ਵਾਸੀਆਂ ਤੋਂ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹੋਣ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਝਗੜਾ ਹੋ ਗਿਆ। ਮਾਮਲਾ ਸਿਕੰਦਰਪੁਰ ਪੁਲਿਸ ਚੌਕੀ ਤੱਕ ਵੀ ਪਹੁੰਚਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਗੱਲ ਨੂੰ ਲੈ ਕੇ ਸੁਖਬੀਰ ਕਾਫ਼ੀ ਗੁੱਸੇ ਵਿੱਚ ਸੀ। ਦੋਸ਼ ਹੈ ਕਿ ਵੀਰਵਾਰ ਸਵੇਰੇ ਉਹ ਘਰੋਂ ਬਾਹਰ ਗਿਆ ਅਤੇ ਕੁਝ ਸਮੇਂ ਬਾਅਦ ਪੈਟਰੋਲ ਲੈ ਕੇ ਵਾਪਸ ਆਇਆ। ਇਸ ਤੋਂ ਬਾਅਦ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਮੁਲਜ਼ਮ ਦੀ ਭਾਲ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਰਿਪੋਰਟ : ਅਮਿਤ ਨੱਖਵਾਲ
Related