Skip to content
ਕਤਲ ਦੇ ਮਾਮਲਿਆਂ ਵਿੱਚ ਲੋੜੀਂਦੇ ਸਨ ਤਿੰਨੇ ਮੁਲਜ਼ਮ, ਮੁਕਾਬਲੇ ਦੌਰਾਨ SHO ਵੀ ਜ਼ਖ਼ਮੀ
ਪਟਨਾ(ਅਮਿਤ ਨੱਖਵਾਲ ): ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਅੱਜ ਸਵੇਰੇ ਕਰੀਬ 4:30 ਵਜੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ। ਲਗਭਗ 20 ਮਿੰਟ ਤੱਕ ਚੱਲੀ ਗੋਲੀਬਾਰੀ ਦੌਰਾਨ ਪੁਲਿਸ ਨੇ ਤਿੰਨ ਅਪਰਾਧੀਆਂ ਨੂੰ ਮਾਰ ਮੁਕਾਇਆ। ਮਾਰੇ ਗਏ ਮੁਲਜ਼ਮਾਂ ਦੀ ਪਛਾਣ ਰਾਜੇਸ਼ ਸ਼ਰਮਾ, ਬਬਲੂ ਕੁਮਾਰ ਅਤੇ ਜੇ.ਪੀ. ਯਾਦਵ ਵਜੋਂ ਹੋਈ ਹੈ। ਤਿੰਨੇ ਕਤਲ ਦੇ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਕਥਿਤ ਤੌਰ ’ਤੇ ਸੁਪਾਰੀ ਲੈ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਜਾਣਕਾਰੀ ਅਨੁਸਾਰ ਇਹ ਮੁਕਾਬਲਾ ਮਨੇਰ ਥਾਣਾ ਖੇਤਰ ਅਧੀਨ ਪੈਂਦੇ ਸ਼ੇਰਪੁਰ ਗੰਗਾ ਘਾਟ ਨੇੜੇ ਹੋਇਆ। ਇਸ ਦੌਰਾਨ ਮਨੇਰ ਥਾਣੇ ਦੇ ਐੱਸ.ਐੱਚ.ਓ. ਰਜਨੀਸ਼ ਕੁਮਾਰ ਦੇ ਹੱਥ ਵਿੱਚ ਵੀ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਘਟਨਾ ਸਥਾਨ ਤੋਂ ਇੱਕ ਦੇਸੀ ਪਿਸਤੌਲ ਸਮੇਤ ਤਿੰਨ ਦੇਸੀ ਹਥਿਆਰ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਪਟਨਾ ਦੇ ਐੱਸ.ਐੱਸ.ਪੀ. ਕਾਰਤਿਕੇਯ ਸ਼ਰਮਾ ਵੀ ਮੌਕੇ ’ਤੇ ਪਹੁੰਚੇ।
ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੌਰਾਨ ਅਪਰਾਧੀਆਂ ਵੱਲੋਂ ਪੁਲਿਸ ਟੀਮ ’ਤੇ 24 ਗੋਲੀਆਂ ਚਲਾਈਆਂ ਗਈਆਂ, ਜਦਕਿ ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ 18 ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਨੂੰ ਘੇਰ ਲਿਆ। ਮੁਕਾਬਲੇ ਵਿੱਚ ਤਿੰਨੇ ਮੁਲਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਬਾਅਦ ਵਿੱਚ ਮੌਤ ਹੋ ਗਈ।
ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਕਾਬਲੇ ਨਾਲ ਸਬੰਧਤ ਹੋਰ ਵੇਰਵਿਆਂ ਦੀ ਉਡੀਕ ਹੈ।
ਰਿਪੋਰਟ: ਅਮਿਤ ਨੱਖਵਾਲ
Related