ਸ਼ਿਖਰ ਧਵਨ, ਰਵੀ ਸ਼ਾਸਤਰੀ, ਸੁਰੇਸ਼ ਰੈਨਾ ਅਤੇ ਦਿਨੇਸ਼ ਕਾਰਤਿਕ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਸ਼ੁਭਕਾਮਨਾਵਾਂ

ਅਮਿਤ ਨੱਖਵਾਲ : ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਅੱਜ 5 ਨਵੰਬਰ ਨੂੰ ਆਪਣਾ 38ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ’ਤੇ ਦੇਸ਼-ਵਿਦੇਸ਼ ਦੇ ਕਈ ਕ੍ਰਿਕਟ ਖਿਡਾਰੀਆਂ ਅਤੇ ਸਾਬਕਾ ਦਿੱਗਜਾਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਵਧਾਈ ਦੇਣ ਵਾਲਿਆਂ ਵਿੱਚ ਸਾਬਕਾ ਭਾਰਤੀ ਖਿਡਾਰੀ ਸ਼ਿਖਰ ਧਵਨ, ਰਵੀ ਸ਼ਾਸਤਰੀ, ਸੁਰੇਸ਼ ਰੈਨਾ ਅਤੇ ਦਿਨੇਸ਼ ਕਾਰਤਿਕ ਸਮੇਤ ਕਈ ਨਾਮ ਸ਼ਾਮਲ ਹਨ।

ਸੁਰੇਸ਼ ਰੈਨਾ ਨੇ ਕਿਹਾ—ਇੱਕ ਵਾਰ ਦਾ ਕਿੰਗ, ਹਮੇਸ਼ਾ ਕਿੰਗ

ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਨੇ ਵਿਰਾਟ ਕੋਹਲੀ ਨੂੰ ਕ੍ਰਿਕਟ ਦਾ ਕਿੰਗ ਦੱਸਦਿਆਂ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ, ਕਵਰ ਡਰਾਈਵ ਅਤੇ ਯਾਦਗਾਰ ਰਨ ਚੇਜ਼ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਵਿਰਾਟ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਅਣਗਿਣਤ ਯਾਦਾਂ ਦਿੱਤੀਆਂ ਹਨ।

ਦਿਨੇਸ਼ ਕਾਰਤਿਕ ਨੇ ਫਿਟਨੈੱਸ ਦੀ ਕੀਤੀ ਤਾਰੀਫ਼

ਸਾਬਕਾ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਵਿਰਾਟ ਦੀ ਫਿਟਨੈੱਸ ਅਤੇ ਖੇਡ ਪ੍ਰਤੀ ਜਨੂੰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਲਿਖਿਆ ਕਿ ਹਰ ਸਾਲ ਵਿਰਾਟ ਦੇ ਅੰਦਰ ਉਹੀ ਅੱਗ ਅਤੇ ਜਨੂੰਨ ਨਜ਼ਰ ਆਉਂਦਾ ਹੈ। 38 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੀ ਫਿਟਨੈੱਸ ਕਾਬਿਲੇ-ਤਾਰੀਫ਼ ਹੈ।

ਸ਼ਿਖਰ ਧਵਨ ਨੇ ਮਿਹਨਤ ਅਤੇ ਸਮਰਪਣ ਨੂੰ ਕੀਤਾ ਸਲਾਮ

ਸਾਬਕਾ ਭਾਰਤੀ ਓਪਨਰ ਸ਼ਿਖਰ ਧਵਨ ਨੇ ਵਿਰਾਟ ਕੋਹਲੀ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਲਗਨ, ਮਿਹਨਤ ਅਤੇ ਕ੍ਰਿਕਟ ਪ੍ਰਤੀ ਸਮਰਪਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਰਾਟ ਦਾ ਖੇਡ ਪ੍ਰਤੀ ਪਿਆਰ ਅੱਜ ਵੀ ਲੱਖਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹੈ।

ਰਵੀ ਸ਼ਾਸਤਰੀ ਦਾ ਵਧਾਈ ਦੇਣ ਦਾ ਅੰਦਾਜ਼ ਰਿਹਾ ਦਿਲਚਸਪ

ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਕਰਦਿਆਂ ਇੱਕ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ ਕਿ ਜਨਮ ਦਿਨ ਮੁਬਾਰਕ ਚੈਂਪੀਅਨ, ਤੁਸੀਂ ਆਪਣੀ ਖੇਡ ਇਸੇ ਤਰ੍ਹਾਂ ਜਾਰੀ ਰੱਖੋ। ਸ਼ਾਸਤਰੀ ਨੇ ਆਪਣੇ ਸੰਦੇਸ਼ ਵਿੱਚ ਆਪਣੀ ਉਮਰ ਨੂੰ ਲੈ ਕੇ ਵੀ ਹਲਕਾ-ਫੁਲਕਾ ਮਜ਼ਾਕ ਕੀਤਾ।

ਵਿਰਾਟ ਕੋਹਲੀ ਦੇ ਜਨਮ ਦਿਨ ਮੌਕੇ ਮਿਲ ਰਹੀਆਂ ਇਨ੍ਹਾਂ ਸ਼ੁਭਕਾਮਨਾਵਾਂ ਤੋਂ ਸਾਫ਼ ਹੈ ਕਿ ਉਨ੍ਹਾਂ ਨੇ ਆਪਣੀ ਸ਼ਾਨਦਾਰ ਖੇਡ ਅਤੇ ਮਿਹਨਤ ਨਾਲ ਨਾ ਸਿਰਫ਼ ਕ੍ਰਿਕਟ ਪ੍ਰਸ਼ੰਸਕਾਂ, ਸਗੋਂ ਦੁਨੀਆ ਭਰ ਦੇ ਕ੍ਰਿਕਟ ਦਿੱਗਜਾਂ ਦੇ ਦਿਲਾਂ ਵਿੱਚ ਵੀ ਖਾਸ ਜਗ੍ਹਾ ਬਣਾਈ ਹੈ।