Skip to content
ਫਗਵਾੜਾ (ਪੁਨੀਤ) ਪੰਜਾਬ ‘ਚ ਇੱਕ ਪਾਸੇ ਜਿੱਥੇ ਪਹਿਲਾਂ ਹੀ ਹੜ੍ਹਾਂ ਦੇ ਨਾਲ ਕਿਸਾਨਾਂ ਦੀ ਹਜਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ, ਉੱਥੇ ਦੂਸਰੇ ਪਾਸੇ ਬੀਤੇ ਦੋ-ਤਿੰਨ ਦਿਨ ਦਰਮਿਆਨ ਚੱਲੀਆਂ ਤੇਜ ਹਵਾਵਾਂ, ਝੱਖੜ ਅਤੇ ਮੀਂਹ ਨੇ ਵੀ ਕਿਸਾਨਾਂ ‘ਤੇ ਦੋਹਰੀ ਮਾਰ ਮਾਰੀ ਹੈ। ਪਿੰਡ ਵਜੀਦੋਵਾਲ ਦੇ ਸਰਪੰਚ ਰਿੰਪਲ ਕੁਮਾਰ ਦੀ ਹਾਜਰੀ ‘ਚ ਪਿੰਡ ਦੇ ਕਿਸਾਨ ਮੇਜਰ ਸਿੰਘ, ਦੇਸਰਾਜ, ਹਰਮੇਸ਼ ਲਾਲ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਹੜ੍ਹਾਂ ਦੀ ਮਾਰ ਤੋਂ ਤਾਂ ਬਚਿਆ ਰਿਹਾ ਪਰ ਹੁਣ ਬੀਤੇ ਦੋ ਤਿੰਨ ਦਿਨਾਂ ਦਰਮਿਆਨ ਹੋਈ ਬਰਸਾਤ ਅਤੇ ਤੇਜ ਹਵਾਵਾਂ ਨੇ ਖੇਤਾਂ ਵਿੱਚ ਖੜੀ ਝੋਨੇ ਦੀ ਪੱਕੀ ਹੋਈ ਫਸਲ ਦਾ ਬਹੁਤ ਨੁਕਸਾਨ ਕੀਤਾ ਹੈ। ਖੇਤਾਂ ‘ਚ ਫਸਲ ਡਿੱਗ ਕੇ ਖਰਾਬ ਹੋ ਚੁੱਕੀ ਹੈ ਅਤੇ ਬਰਸਾਤ ਦਾ ਪਾਣੀ ਖੜਾ ਹੈ। ਜਿਸਦੀ ਨਿਕਾਸੀ ਦਾ ਕੋਈ ਢੁਕਵਾਂ ਪ੍ਰਬੰਧ ਵੀ ਨਹੀਂ ਹੈ। ਜਿਸ ਨਾਲ ਯਕੀਨੀ ਤੌਰ ਤੇ ਝੋਨੇ ਦਾ ਝਾੜ ਘੱਟ ਨਿਕਲੇਗਾ। ਫਸਲ ਨੂੰ ਕੱਟਣ ਵਿੱਚ ਵੀ ਉਹਨਾਂ ਨੂੰ ਕਾਫੀ ਰਕਮ ਖਰਚ ਕਰਨੀ ਪਵੇਗੀ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜੋਰ ਅਪੀਲ ਕੀਤੀ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਬਣਦਾ ਮੁਆਵਜਾ ਦਿੱਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਮੰਡੀਆਂ ਵਿੱਚ ਝੋਨੇ ਲਈ ਤੈਅ ਕੀਤੇ ਨਮੀ ਸਬੰਧੀ ਮਾਪਦੰਡਾਂ ‘ਚ ਵੀ ਢਿੱਲ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸਾਨ ਪਹਿਲਾਂ ਹੀ ਫਸਲਾਂ ਦੀ ਬਰਬਾਦੀ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ ਕਿਉਂਕਿ ਆਉਂਦੇ ਦਿਨਾਂ ‘ਚ ਵੀ ਮੌਸਮ ਖਰਾਬ ਹੋਣ ਦਾ ਅੰਦੇਸ਼ਾ ਬਰਕਰਾਰ ਹੈ। ਇਸ ਮੌਕੇ ਸੋਮਨਾਥ ਨੰਬਰਦਾਰ, ਸਤੀਸ਼ ਕੁਮਾਰ ਨੰਬਰਦਾਰ, ਗੌਰਵ ਸ਼ਰਮਾ, ਚੰਦਰ ਮੋਹਨ, ਰਵੀ ਦੱਤ, ਭੁਪਿੰਦਰ ਕੁਮਾਰ ਆਦਿ ਹਾਜਰ ਸਨ।
Related