Skip to content
ਫਗਵਾੜਾ (ਪੁਨੀਤ) ਕਾਂਗਰਸ ਪਾਰਟੀ ਦੇ ਜਿਲ੍ਹਾ ਕਪੂਰਥਲਾ ਦੇ ਸਕੱਤਰ ਕਰਮਜੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਸਿਆਸੀ ਤੀਰ ਛੱਡਦਿਆਂ ਅੱਜ ਕਿਹਾ ਕਿ ‘ਆਪ’ ਪਾਰਟੀ ਦੇ ਹਿੱਸੇ ਪੰਜਾਬ ਦੀਆਂ ਸੱਤ ਰਾਜਸਭਾ ਸੀਟਾਂ ਹਨ ਪਰ ਨਾ ਤਾਂ ਕਿਸੇ ਦਲਿਤ ਨੂੰ ਰਾਜਸਭਾ ਭੇਜਿਆ ਅਤੇ ਨਾ ਹੀ ਕਿਸੇ ਮਹਿਲਾ ਨੂੰ ਇਹ ਮਾਣ ਦੇਣ ਬਾਰੇ ਵਿਚਾਰ ਕੀਤਾ ਹੈ। ਉਹਨਾਂ ਕਿਹਾ ਕਿ ਲੁਧਿਆਣਾ ਦੀ ਰਾਜਸਭਾ ਸੀਟ ਤੋਂ ਪਹਿਲਾਂ ਇਕ ਕਾਰੋਬਾਰੀ ਸੰਜੀਵ ਅਰੋੜਾ ਨੂੰ ਰਾਜਸਭਾ ਭੇਜਿਆ ਅਤੇ ਹੁਣ ਰਾਜਿੰਦਰ ਗੁਪਤਾ ਦੇ ਰੂਪ ਵਿੱਚ ਵੀ ਇਕ ਵੱਡੇ ਕਾਰੋਬਾਰੀ ਨੂੰ ਰਾਜਸਭਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਤੋਂ ਸਾਫ ਹੈ ਕਿ ‘ਆਪ’ ਪਾਰਟੀ ਵੀ ਕੇਂਦਰ ਦੀ ਮੋਦੀ ਸਰਕਾਰ ਦੀ ਤਰ੍ਹਾਂ ਹੀ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਕੇ ਪਾਰਟੀ ਫੰਡ ਇੱਕਠਾ ਕਰ ਰਹੀ ਹੈ। ਪੰਜਾਬ ਦੇ ਦਲਿਤਾਂ ਅਤੇ ਮਹਿਲਾਵਾਂ ਦੇ ਨਾਲ ਇਸ ਪਾਰਟੀ ਨੂੰ ਕੋਈ ਵੀ ਹਮਦਰਦੀ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਢੇ ਤਿੰਨ ਸਾਲ ਰਾਜ ਸੱਤਾ ਭੋਗਣ ਦੇ ਬਾਵਜੂਦ ਅੱਜ ਤੱਕ ਔਰਤਾਂ ਨੂੰ ਇੱਕ ਹਜਾਰ ਰੁਪਏ ਮਹੀਨਾ ਭੱਤਾ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ। ਬਲਕਿ ਪਿਛਲੇ ਸਮੇਂ ਦੌਰਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਮਹਿਲਾ ਅਧਿਆਪਕਾਂ ‘ਤੇ ਪੁਲਿਸ ਤੋਂ ਲਾਠੀਆਂ ਵਰ੍ਹਾਈਆਂ ਗਈਆਂ। ਉਹਨਾਂ ਸਮੂਹ ਪੰਜਾਬੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਨੂੰ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਬਿਲਕੁਲ ਵੀ ਮੂੰਹ ਨਾ ਲਗਾਇਆ ਜਾਵੇ। ਕਿਉਂਕਿ ਜਦੋਂ ਤੋਂ ਪੰਜਾਬ ਵਿੱਚ ‘ਆਪ’ ਪਾਰਟੀ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਪੰਜਾਬ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ। ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਿੱਚ ਇਹ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਲਈ ਜੇਕਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਦੁਬਾਰਾ ਤੋਰਨਾ ਹੈ ਤਾਂ ਕਾਂਗਰਸ ਪਾਰਟੀ ਦੇ ਹੱਥ ਮਜਬੂਤ ਕੀਤੇ ਜਾਣ।
Related