
Skip to content

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਪੰਜਾਬ ਕੇਡਰ ਦੀ ਸੀਨੀਅਰ ਆਈਏਐਸ ਅਧਿਕਾਰੀ ਕੰਵਲਪ੍ਰੀਤ ਬਰਾੜ ਮੋਹਾਲੀ ਦੇ ਕਥਿਤ ਲੈਂਡ ਯੂਜ਼ ਚੇਂਜ (CLU) ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਈ। ਈਡੀ ਵੱਲੋਂ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ।
ਇਹ ਮਾਮਲਾ ਮੋਹਾਲੀ ਦੇ ਪਲਹੇਰੀ ਪਿੰਡ ਵਿੱਚ ਸਨਟੇਕ ਸਿਟੀ ਪ੍ਰੋਜੈਕਟ ਲਈ ਕਥਿਤ ਤੌਰ ’ਤੇ ਜਾਅਲੀ ਸਹਿਮਤੀ ਪੱਤਰ ਤਿਆਰ ਕਰਨ ਅਤੇ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਕਰਨ ਨਾਲ ਜੁੜਿਆ ਹੋਇਆ ਹੈ। ਈਡੀ ਵੱਲੋਂ ਪੁਲਿਸ ਐਫਆਈਆਰ ਦੇ ਆਧਾਰ ’ਤੇ ਮਨੀ ਲਾਂਡਰਿੰਗ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਇਸ ਮਾਮਲੇ ਵਿੱਚ ਸਨਟੇਕ ਸਿਟੀ ਦੇ ਮੁੱਖ ਪ੍ਰਮੋਟਰ ਅਜੈ ਸਹਿਗਲ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।
2020 ਵਿੱਚ ਸਾਹਮਣੇ ਆਇਆ ਸੀ ਮਾਮਲਾ
ਮਾਮਲੇ ਦੀ ਸ਼ੁਰੂਆਤ ਸਾਲ 2020 ਵਿੱਚ ਹੋਈ, ਜਦੋਂ ਪਲਹੇਰੀ ਪਿੰਡ ਦੇ ਜ਼ਮੀਨ ਮਾਲਕ ਕਰਮਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸਨਟੇਕ ਸਿਟੀ ਦੇ ਪ੍ਰਮੋਟਰਾਂ ਵੱਲੋਂ ਉਨ੍ਹਾਂ ਦੀ 53 ਕਨਾਲ ਜ਼ਮੀਨ ਸਮੇਤ 14 ਹੋਰ ਕਿਸਾਨਾਂ ਦੀ ਕਰੀਬ 30.5 ਏਕੜ ਜ਼ਮੀਨ ਸਬੰਧੀ ਜਾਅਲੀ ਸਹਿਮਤੀ ਪੱਤਰ ਤਿਆਰ ਕੀਤੇ ਗਏ।
ਦੋਸ਼ਾਂ ਮੁਤਾਬਕ, ਜ਼ਮੀਨ ਦੀ ਵਰਤੋਂ ਬਦਲਣ ਲਈ ਤਿਆਰ ਕੀਤੇ ਦਸਤਾਵੇਜ਼ਾਂ ਵਿੱਚ ਕਿਸਾਨਾਂ ਦੇ ਦਸਤਖ਼ਤਾਂ ਅਤੇ ਅੰਗੂਠੇ ਦੇ ਨਿਸ਼ਾਨਾਂ ਦੀ ਕਥਿਤ ਤੌਰ ’ਤੇ ਜਾਅਲਸਾਜ਼ੀ ਕੀਤੀ ਗਈ।
ਮਾਮਲੇ ਦੀ ਜਾਂਚ ਤੋਂ ਬਾਅਦ ਤਤਕਾਲੀ ਸੁਪਰਡੈਂਟ ਆਫ਼ ਇਨਵੈਸਟੀਗੇਸ਼ਨ ਹਰਮਨਦੀਪ ਹੰਸ ਵੱਲੋਂ ਵਿਸਥਾਰਤ ਰਿਪੋਰਟ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਨਵੰਬਰ 2022 ਵਿੱਚ ਮੁੱਲਾਂਪੁਰ ਪੁਲਿਸ ਥਾਣੇ ਵਿੱਚ ਜਾਅਲਸਾਜ਼ੀ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਈਡੀ ਨੇ ਮੋਹਾਲੀ-ਚੰਡੀਗੜ੍ਹ ਵਿੱਚ ਕੀਤੀ ਛਾਪੇਮਾਰੀ
ਪੁਲਿਸ ਐਫਆਈਆਰ ਦੇ ਆਧਾਰ ’ਤੇ ਈਡੀ ਨੇ ਮਨੀ ਲਾਂਡਰਿੰਗ ਐਕਟ ਤਹਿਤ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਏਜੰਸੀ ਵੱਲੋਂ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਕਰੀਬ 12 ਥਾਵਾਂ ’ਤੇ ਛਾਪੇਮਾਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਇਹ ਕਾਰਵਾਈ ਏਬੀਐਸ ਟਾਊਨਸ਼ਿਪ, ਐਲਟਸ ਸਪੇਸ ਬਿਲਡਰਜ਼ ਅਤੇ ਸਨਟੇਕ ਸਿਟੀ ਨਾਲ ਜੁੜੇ ਵਿਅਕਤੀਆਂ ਅਤੇ ਅਧਿਕਾਰੀਆਂ ਨਾਲ ਸਬੰਧਤ ਦੱਸੀ ਗਈ।
ਜਾਂਚ ਦੌਰਾਨ ਕਾਰੋਬਾਰੀ ਨਿਤਿਨ ਗੋਹਲ ਦੇ ਘਰ ’ਤੇ ਛਾਪੇਮਾਰੀ ਵੇਲੇ 9ਵੀਂ ਮੰਜ਼ਿਲ ਤੋਂ ਕਥਿਤ ਤੌਰ ’ਤੇ 21 ਲੱਖ ਰੁਪਏ ਨਕਦ ਸੁੱਟੇ ਜਾਣ ਦੀ ਘਟਨਾ ਵੀ ਸਾਹਮਣੇ ਆਈ।
ਅਜੈ ਸਹਿਗਲ ਗ੍ਰਿਫ਼ਤਾਰ
ਈਡੀ ਨੇ ਜਾਂਚ ਤੋਂ ਬਾਅਦ ਸਨਟੇਕ ਸਿਟੀ ਦੇ ਮੁੱਖ ਪ੍ਰਮੋਟਰ ਅਜੈ ਸਹਿਗਲ ਨੂੰ ਗ੍ਰਿਫ਼ਤਾਰ ਕੀਤਾ। ਉਸ ਨੂੰ ਮੋਹਾਲੀ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਹੁਣ ਈਡੀ ਵੱਲੋਂ ਆਈਏਐਸ ਅਧਿਕਾਰੀ ਕੰਵਲਪ੍ਰੀਤ ਬਰਾੜ ਤੋਂ ਪ੍ਰੋਜੈਕਟ ਦੀ ਮਨਜ਼ੂਰੀ, ਪ੍ਰਸ਼ਾਸਕੀ ਪ੍ਰਕਿਰਿਆ ਅਤੇ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਨਾਲ ਸਬੰਧਤ ਮਾਮਲਿਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ, ਮਾਮਲੇ ਵਿੱਚ ਲੱਗੇ ਦੋਸ਼ਾਂ ਦੀ ਅੰਤਿਮ ਪੁਸ਼ਟੀ ਜਾਂ ਦੋਸ਼ ਸਾਬਤ ਹੋਣਾ ਅਦਾਲਤੀ ਕਾਰਵਾਈ ’ਤੇ ਨਿਰਭਰ ਕਰੇਗਾ।

Related