ਜਲੰਧਰ (ਪਰਦੀਪ ਕੰਗ) : ਅੱਜ ਦੇ ਸਮੇਂ ਵਿੱਚ ਵਿਸ਼ਵ ਰਾਜਨੀਤੀ ਦੇ ਮੰਚ ਉੱਤੇ ਇੱਕ ਮਹੱਤਵਪੂਰਨ ਸਵਾਲ ਖੜਾ ਹੋ ਗਿਆ ਹੈ ਕਿ ਕੀ ਕੋਈ ਇੱਕ ਤਾਕਤਵਰ ਦੇਸ਼ ਸਾਰੀ ਦੁਨੀਆ ਦੇ ਫੈਸਲੇ ਤੈਅ ਕਰ ਸਕਦਾ ਹੈ? ਇਸ ਮਸਲੇ ਨੂੰ ਲੈ ਕੇ ਸਾਬਕਾ ਮੈਂਬਰ ਕਮਿਸ਼ਨ ਲੱਖਾ ਸਿੰਘ ਨੇ ਕਿਹਾ ਕਿ ਜੇਕਰ ਦੁਨੀਆ ਦੇ ਸਾਰੇ ਦੇਸ਼ ਆਪਣੀ ਸਾਂਝੀ ਤਾਕਤ ਨੂੰ ਸਮਝਦੇ ਹੋਏ ਇਕੱਠੇ ਹੋ ਜਾਣ ਅਤੇ ਸਾਂਝੀ ਨੀਤੀ ਬਣਾਉਣ, ਤਾਂ ਕਿਸੇ ਵੀ ਦੇਸ਼ ਲਈ ਦੂਸਰੇ ਦੇਸ਼ਾਂ ਉੱਤੇ ਹਮਲੇ ਕਰਨਾ ਜਾਂ ਉਨ੍ਹਾਂ ਉੱਤੇ ਦਬਾਅ ਬਣਾਉਣਾ ਆਸਾਨ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਲੋੜ ਇਸ ਗੱਲ ਦੀ ਹੈ ਕਿ ਛੋਟੇ ਅਤੇ ਵੱਡੇ ਸਾਰੇ ਦੇਸ਼ ਅੰਤਰਰਾਸ਼ਟਰੀ ਮੰਚਾਂ ਉੱਤੇ ਇਕੱਠੇ ਹੋ ਕੇ ਆਪਣੀ ਸਾਂਝੀ ਆਵਾਜ਼ ਬੁਲੰਦ ਕਰਨ। ਜੇਕਰ ਵਿਸ਼ਵ ਦੇ ਦੇਸ਼ ਇਹ ਫੈਸਲਾ ਕਰ ਲੈਣ ਕਿ ਕਿਸੇ ਵੀ ਦੇਸ਼ ਵੱਲੋਂ ਕੀਤੀ ਗਈ ਅਨਿਆਇਕ ਕਾਰਵਾਈ ਦਾ ਇਕੱਠੇ ਹੋ ਕੇ ਵਿਰੋਧ ਕੀਤਾ ਜਾਵੇਗਾ, ਤਾਂ ਵਿਸ਼ਵ ਵਿੱਚ ਸੰਤੁਲਨ ਆਪਣੇ ਆਪ ਬਣ ਸਕਦਾ ਹੈ।ਲੱਖਾ ਸਿੰਘ ਨੇ ਕਿਹਾ ਕਿ ਦੁਨੀਆ ਦੇ ਦੇਸ਼ਾਂ ਕੋਲ ਆਰਥਿਕ, ਰਾਜਨੀਤਿਕ ਅਤੇ ਕੂਟਨੀਤਿਕ ਤਾਕਤ ਦੀ ਕੋਈ ਘਾਟ ਨਹੀਂ ਹੈ। ਜੇਕਰ ਇਹ ਤਾਕਤ ਇਕੱਠੀ ਹੋ ਕੇ ਵਰਤੀ ਜਾਵੇ, ਤਾਂ ਕਿਸੇ ਵੀ ਤਾਕਤਵਰ ਦੇਸ਼ ਉੱਤੇ ਅੰਤਰਰਾਸ਼ਟਰੀ ਪੱਧਰ ਉੱਤੇ ਦਬਾਅ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੰਯੁਕਤ ਫੈਸਲੇ ਅਤੇ ਸਾਂਝੀ ਨੀਤੀ ਹੀ ਦੁਨੀਆ ਨੂੰ ਅਮਨ ਅਤੇ ਸਥਿਰਤਾ ਦੇ ਰਸਤੇ ਤੇ ਲੈ ਕੇ ਜਾ ਸਕਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਪੱਧਰ ਉੱਤੇ ਇਹ ਸਪੱਸ਼ਟ ਨਿਯਮ ਬਣਾਉਣ ਦੀ ਲੋੜ ਹੈ ਕਿ ਕਿਸੇ ਵੀ ਦੇਸ਼ ਦੀ ਸੰਪ੍ਰਭੁਤਾ ਨਾਲ ਖਿਲਵਾ਼ੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਦੇਸ਼ ਦੂਸਰੇ ਦੇਸ਼ ਉੱਤੇ ਅਨਿਆਇਕ ਹਮਲਾ ਕਰਦਾ ਹੈ, ਤਾਂ ਸਾਰੇ ਦੇਸ਼ ਇਕੱਠੇ ਹੋ ਕੇ ਉਸ ਦੇ ਖਿਲਾਫ ਆਰਥਿਕ ਅਤੇ ਕੂਟਨੀਤਿਕ ਦਬਾਅ ਬਣਾਉਣ।ਸਾਬਕਾ ਮੈਂਬਰ ਕਮਿਸ਼ਨ ਲੱਖਾ ਸਿੰਘ ਨੇ ਅੰਤ ਵਿੱਚ ਕਿਹਾ ਕਿ ਦੁਨੀਆ ਦੇ ਨੇਤਾਵਾਂ ਨੂੰ ਇਹ ਸਮਝਣਾ ਹੋਵੇਗਾ ਕਿ ਮਨੁੱਖਤਾ, ਅਮਨ ਅਤੇ ਨਿਆਂ ਕਿਸੇ ਇੱਕ ਦੇਸ਼ ਦੀ ਨਹੀਂ, ਸਗੋਂ ਪੂਰੀ ਦੁਨੀਆ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਦੇਸ਼ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਇਕੱਠੇ ਹੋ ਜਾਣ, ਤਾਂ ਕੋਈ ਵੀ ਤਾਕਤਵਰ ਦੇਸ਼ ਦੂਸਰੇ ਦੇਸ਼ਾਂ ਉੱਤੇ ਆਪਣੀ ਦਾਦਾਗਿਰੀ ਨਹੀਂ ਦਿਖਾ ਸਕੇਗਾ ਅਤੇ ਵਿਸ਼ਵ ਵਿੱਚ ਸਥਾਈ ਅਮਨ ਦੀ ਰਾਹ ਬਣ ਸਕਦੀ ਹੈ।