ਇੰਡੀਗੋ ਏਅਰਲਾਈਨ ਚੰਡੀਗੜ੍ਹ ਅਤੇ ਆਬੂ ਧਾਬੀ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਜਾਰੀ ਸ਼ਡਿਊਲ ਮੁਤਾਬਕ ਇਹ ਫਲਾਈਟ 16 ਮਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਸਾਰੇ ਸੱਤ ਦਿਨ ਚੱਲੇਗੀ। ਪਹਿਲੀ ਫਲਾਈਟ 15 ਮਈ ਨੂੰ ਆਬੂ ਧਾਬੀ ਤੋਂ ਰਵਾਨਾ ਹੋਵੇਗੀ ਅਤੇ 16 ਮਈ ਨੂੰ ਸਵੇਰੇ 3:30 ਵਜੇ ਚੰਡੀਗੜ੍ਹ ਪਹੁੰਚੇਗੀ।
ਇਸ ਉਡਾਣ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਰਾਜਧਾਨੀ ਅਬੂ ਧਾਬੀ ਨਾਲ ਸਿੱਧਾ ਜੁੜ ਜਾਵੇਗਾ। ਏਅਰਪੋਰਟ ਅਥਾਰਟੀ ਦੇ ਮੁਤਾਬਕ ਹੈੱਡਕੁਆਰਟਰ ਤੋਂ ਫਲਾਈਟ ਸ਼ੁਰੂ ਹੋਣ ਸਬੰਧੀ ਅਧਿਕਾਰਤ ਸੂਚਨਾ ਮਿਲੀ ਹੈ। ਇੰਡੀਗੋ ਨੇ ਫਲਾਈਟ ਬੁਕਿੰਗ ਸ਼ੁਰੂ ਕਰ ਦਿਤੀ ਹੈ। ਇਸ ਦੇ ਲਈ 200 ਸੀਟਰ ਜਹਾਜ਼ ਚੱਲਣਗੇ।
ਇਸ ਵੇਲੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਦੁਬਈ ਲਈ ਸਿੱਧੀਆਂ ਉਡਾਣਾਂ ਚੱਲ ਰਹੀਆਂ ਹਨ। ਇਹ ਉਡਾਣ ਵੀ ਇੰਡੀਗੋ ਵਲੋਂ ਚਲਾਈ ਜਾ ਰਹੀ ਹੈ। ਚੰਡੀਗੜ੍ਹ ਤੋਂ ਇਹ ਇਕੋ-ਇਕ ਅੰਤਰਰਾਸ਼ਟਰੀ ਉਡਾਣ ਹੈ। ਸ਼ਾਰਜਾਹ ਦੀਆਂ ਉਡਾਣਾਂ ਪਿਛਲੇ ਸਾਲ ਅਕਤੂਬਰ ਤੋਂ ਬੰਦ ਹਨ। ਇਸ ਤੋਂ ਪਹਿਲਾਂ ਬੈਂਕਾਕ ਜਾਣ ਵਾਲੀ ਫਲਾਈਟ ਨੂੰ ਵੀ ਰੋਕ ਦਿਤਾ ਗਿਆ ਸੀ।
ਇਕ ਟਰੈਵਲ ਕੰਪਨੀ ਦੇ ਮਾਲਕ ਵਨੀਤ ਸ਼ਰਮਾ ਨੇ ਦਸਿਆ ਕਿ ਆਬੂ ਧਾਬੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਚੰਡੀਗੜ੍ਹ ਤੋਂ ਯੂਰਪ, ਕੈਨੇਡਾ, ਅਮਰੀਕਾ, ਯੂ.ਕੇ., ਆਸਟ੍ਰੇਲੀਆ ਨਾਲ ਵੀ ਸੰਪਰਕ ਵਧੇਗਾ। ਆਬੂ ਧਾਬੀ ਟੂਰਿਜ਼ਮ ਦੇ ਅਧਿਕਾਰੀ ਦੋ ਦਿਨ ਪਹਿਲਾਂ ਹੀ ਸ਼ਹਿਰ ਆਏ ਸਨ, ਉਨ੍ਹਾਂ ਨੇ ਫਲਾਈਟ ਦੇ ਸਬੰਧ ਵਿਚ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਉਥੇ ਵਿਕਸਤ ਕੀਤੇ ਗਏ ਨਵੇਂ ਸੈਰ-ਸਪਾਟਾ ਸਥਾਨਾਂ ਬਾਰੇ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਹੁਣ ਤਕ ਸੈਲਾਨੀ ਆਬੂ ਧਾਬੀ ਵਿਚ ਸਿਰਫ਼ ਇਕ ਜਾਂ ਦੋ ਰਾਤਾਂ ਹੀ ਬਿਤਾਉਂਦੇ ਸਨ ਪਰ ਹੁਣ ਵਾਈਲਡ ਲਾਈਫ਼ ਸੈਂਚੂਰੀ, ਨਿਊ ਪੈਲੇਸ, ਸਕਾਈ ਡਾਇਵਿੰਗ ਦਾ ਆਰਟੀਫੀਸ਼ੀਅਲ ਐਕਸਪੀਰੀਅੰਸ, ਸਨੋ ਆਬੂ ਧਾਬੀ ਵਰਗੇ ਨਵੇਂ ਆਕਰਸ਼ਣ ਤਿਆਰ ਹਨ। ਸੋਨੇ ਦੀ ਖਰੀਦਦਾਰੀ ਦੇ ਵਿਕਲਪ ਵੀ ਹਨ। ਫੇਰਾਰੀ ਵਰਲਡ ਵਿਚ ਤੁਹਾਡੇ ਕੋਲ ਦੁਨੀਆ ਦੀ ਸਭ ਤੋਂ ਤੇਜ਼ ਕਾਰ ਚਲਾਉਣ ਦਾ ਮੌਕਾ ਹੈ।
BAPS ਹਿੰਦੂ ਮੰਦਿਰ ਖਿੱਚ ਦਾ ਕੇਂਦਰ
ਇਸ ਸਾਲ 14 ਫਰਵਰੀ ਨੂੰ ਅਬੂ ਧਾਬੀ ਵਿਚ ਬੀਏਪੀਐਸ ਹਿੰਦੂ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਈ। ਇਸ ਨੂੰ BAPS ਸਵਾਮੀਨਾਰਾਇਣ ਸੰਸਥਾ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਅਬੂ ਧਾਬੀ ਵਿਚ ਪਹਿਲਾ ਰਵਾਇਤੀ ਹਿੰਦੂ ਮੰਦਰ ਹੈ। ਉਡਾਣਾਂ ਸ਼ੁਰੂ ਹੋਣ ਨਾਲ ਚੰਡੀਗੜ੍ਹ ਤੋਂ ਯਾਤਰੀ ਇਸ ਮੰਦਰ ਦੇ ਦਰਸ਼ਨ ਕਰ ਸਕਣਗੇ।
ਉਡਾਣ ਦਾ ਸਮਾਂ
-ਅਬੂ ਧਾਬੀ ਤੋਂ ਰਾਤ 10:15 ਵਜੇ (ਉਥੇ ਦੇ ਸਥਾਨਕ ਸਮੇਂ ਅਨੁਸਾਰ) ਰਵਾਨਾ ਹੋਵੇਗੀ
-ਰਾਤ 3:30 ਵਜੇ (ਸਥਾਨਕ ਸਮੇਂ ਅਨੁਸਾਰ) ਚੰਡੀਗੜ੍ਹ ਪਹੁੰਚੇਗੀ
-ਚੰਡੀਗੜ੍ਹ ਤੋਂ ਰਾਤ 2.45 ਵਜੇ ਰਵਾਨਾ ਹੋਵੇਗੀ
-ਸਵੇਰੇ 5.15 ਵਜੇ (ਸਥਾਨਕ ਸਮੇਂ ਅਨੁਸਾਰ) ਅਬੂ ਧਾਬੀ ਪਹੁੰਚੇਗੀ
ਦੱਸ ਦੇਈਏ ਕਿ ਚੰਡੀਗੜ੍ਹ ਅਤੇ ਅਬੂ ਧਾਬੀ ਦੇ ਸਮੇਂ ਵਿਚ ਅੰਤਰ ਹੈ। ਆਬੂ ਧਾਬੀ ਦਾ ਸਮਾਂ ਚੰਡੀਗੜ੍ਹ ਨਾਲੋਂ ਡੇਢ ਘੰਟਾ ਪਿੱਛੇ ਹੈ।
ਬੁਕਿੰਗ ਹੋਈ ਸ਼ੁਰੂ
ਇੰਡੀਗੋ ਨੇ ਫਲਾਈਟ ਸ਼ੁਰੂ ਕਰਨ ਬਾਰੇ ਅਧਿਕਾਰਤ ਜਾਣਕਾਰੀ ਦਿਤੀ ਹੈ। ਕਿਉਂਕਿ ਇਹ ਰਾਤ ਭਰ ਦੀ ਉਡਾਣ ਹੈ, ਇਸ ਲਈ ਕਸਟਮ ਅਤੇ ਇਮੀਗ੍ਰੇਸ਼ਨ ਨੂੰ ਤਿੰਨ ਸ਼ਿਫਟਾਂ ਵਿਚ ਚਲਾਉਣਾ ਹੋਵੇਗਾ। ਇਸ ਦੇ ਲਈ ਮੌਜੂਦਾ ਸਮੇਂ ਵਿਚ 20 ਵਿਅਕਤੀ ਹਨ, ਜਿਨ੍ਹਾਂ ਨੂੰ ਵਧਾ ਕੇ 30 ਕਰਨਾ ਹੋਵੇਗਾ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਰਾਕੇਸ਼ ਰੰਜਨ ਸਹਾਏ ਨੇ ਕਿਹਾ ਕਿ ਯਾਤਰੀ ਚੰਡੀਗੜ੍ਹ ਤੋਂ ਅਬੂ ਧਾਬੀ ਅਤੇ ਉਥੋਂ ਪੂਰੀ ਦੁਨੀਆ ਲਈ ਕਨੈਕਟਿੰਗ ਫਲਾਈਟਾਂ ਦੀ ਸਹੂਲਤ ਲੈ ਸਕਣਗੇ। ਇਸ ਨਾਲ ਉਨ੍ਹਾਂ ਨੂੰ ਸਸਤੀਆਂ ਟਿਕਟਾਂ ਮਿਲਣਗੀਆਂ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।