ਜ਼ੀਰਾ/ਫਿਰੋਜ਼ਪੁਰ, ( ਜਤਿੰਦਰ ਪਿੰਕਲ ) ਪੰਜਾਬ ਵਿਚ ਆਏ ਹੜ੍ਹਾਂ ਨਾਲ ਵਾਪਰੇ ਕਹਿਰ ਲਈ ਜ਼ਿੰਮੇਵਾਰ ਅਫ਼ਸਰ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਆਪਣੀ ਹੀ ਸਰਕਾਰ ਅੱਗੇ ਸੱਚ ਬੋਲਣ ਦੀ ਹਿੰਮਤ ਰੱਖਣ ਵਾਲੇ ਵਿਧਾਇਕ ਹਰਮੀਤ ਸਿੰਘ ਪਠਾਣਮਾਜ਼ਰਾ ਤੇ ਉਸ ਦੇ ਪਰਿਵਾਰ ਨੂੰ ਭਾਵੇਂ ਸੱਚ ਬੋਲਣ ਦੀ ਕੀਮਤ ਚੁਕਾਉਣੀ ਪੈ ਰਹੀ ਹੈ ਲੇਕਿਨ ਬੜੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ 92 ਵਿਧਾਇਕ ਆਪਣੀਆਂ ਜ਼ਮੀਰਾਂ ਮਾਰ ਕੇ ਕੇਜਰੀਵਾਲ ਦੀਆਂ ਭੇਡਾਂ ਬਣੇ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਸ੍ਰ. ਕੁਲਬੀਰ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਸੀ ਕਿਉਂਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇਨਕਲਾਬ ਦੇ ਝੂਠੇ ਸਬਜ਼ਬਾਗ ਵਿਖਾ ਕੇ ਲੋਕਾਂ ਦਾ ਮਾਈਂਡ ਵਾਸ਼ ਕਰ ਦਿੱਤਾ ਸੀ ਲੇਕਿਨ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਕੁਚਲ ਦਿੱਤਾ ਅਤੇ ਦਿੱਲੀ ਤੋਂ ਆਈ ਕੇਜਰੀਵਾਲ ਦੀ ਟੀਮ ਨੇ ਪੰਜਾਬ ਦੀ ਸੱਤਾ ਉੱਪਰ ਆਪਣਾ ਕਬਜ਼ਾ ਕਰ ਲਿਆ ਜਿਸ ਦਾ ਨਤੀਜਾ ਹੈ ਕਿ ਪੰਜਾਬ ਵਿਚ ਇਸ ਸਮੇਂ ਕੇਜਰੀਵਾਲ ਗਰੁੱਪ ਆਪਣਾ ਤਾਨਾਸ਼ਾਹੀ ਰਾਜ ਕਰ ਰਹੇ ਹਨ। ਜਦਕਿ ਉਸ ਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਉਹ 92 ਵਿਧਾਇਕ ਜਿੰਨਾਂ ਨੂੰ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਤੇ ਉਮੀਦਾਂ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਸੀ ਉਹ ਵੀ ਕੇਜਰੀਵਾਲ ਦੀਆਂ ਭੇਡਾਂ ਬਣ ਕੇ ਰਹਿ ਗਈਆਂ ਹਨ।ਜਿੰਨ੍ਹਾਂ ਵਿਚੋਂ ਇਕ ਵਿਧਾਇਕ ਪਠਾਣ ਮਾਜਰਾ ਨੇ ਜੇਕਰ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਕੇਸ ਦਰਜ ਕਰਵਾ ਦਿੱਤਾ ਅਤੇ ਹੁਣ ਵਿਧਾਇਕ ਦੇ ਪਰਿਵਾਰ ਨੂੰ ਵੀ ਟਾਰਚਰ ਕੀਤਾ ਜਾ ਰਿਹਾ ਹੈ। ਜੋ ਕਿ ਅਤਿ ਨਿੰਦਣਯੋਗ ਹੈ। ਕਿਉਂਕਿ ਕਿਸੇ ਚੁਣੇ ਹੋਏ ਨੁਮਾਇੰਦੇ ਦੇ ਪਰਿਵਾਰਕ ਮੈਂਬਰਾਂ ਨੂੰ ਅਜਿਹੀ ਮਾਨਸਿਕ ਪ੍ਰੇਸ਼ਾਨੀ ਦੇਣਾ ਇਨਕਲਾਬ ਵਾਲਿਆਂ ਨੂੰ ਸ਼ੋਭਾ ਨਹੀਂ ਦਿੰਦਾ। ਕੁਲਬੀਰ ਜ਼ੀਰਾ ਨੇ 92 ਵਿਧਾਇਕਾਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਅੱਜ ਜੋ ਸਮਾਂ ਪਠਾਣ ਮਾਜ਼ਰਾ ’ਤੇ ਆਇਆ ਉਹ ਭਵਿੱਖ ਵਿਚ ਕਿਸੇ ਹੋਰ ਵਿਧਾਇਕ ’ਤੇ ਵੀ ਆ ਸਕਦਾ ਹੈ ਇਸ ਲਈ ਘੱਟੋ ਘੱਟ ਹੋ ਰਹੀ ਵਧੀਕੀ ਦੇ ਵਿਰੁੱਧ ਹਾਅ ਦਾ ਨਾਅਰਾ ਤਾਂ ਮਾਰਨ ਕਿਉਂਕਿ ਜੇਕਰ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।