
Skip to content

ਕੈਨੇਡਾ ਏਅਰ ਫੋਰਸ ਵਿੱਚ ਅਫ਼ਸਰ ਬਣੇ ਜਗਰਾਓਂ ਦੇ ਹਰਜੋਤ ਸਿੰਘ ਵਿਰਕ
ਜਗਰਾਓਂ (ਅਰਸ਼ਦੀਪ ਸਿੰਘ ਕਾਲੜਾ) : ਪੰਜਾਬ ਦੇ ਨੌਜਵਾਨਾਂ ਦੀ ਕਾਬਲੀਅਤ ਨੇ ਇੱਕ ਵਾਰ ਫਿਰ ਵਿਦੇਸ਼ ਦੀ ਧਰਤੀ ’ਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਜਗਰਾਓਂ ਹਲਕੇ ਦੇ ਪਿੰਡ ਡਾਂਗੀਆਂ ਨਾਲ ਸਬੰਧਤ ਹਰਜੋਤ ਸਿੰਘ ਵਿਰਕ ਨੇ ਆਪਣੀ ਮਿਹਨਤ, ਲਗਨ ਅਤੇ ਅਨੁਸ਼ਾਸਨ ਸਦਕਾ ਕੈਨੇਡਾ ਏਅਰ ਫੋਰਸ ਵਿੱਚ ਅਫ਼ਸਰ ਬਣਨ ਦੀ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ, ਜਦਕਿ ਪਿੰਡ ਡਾਂਗੀਆਂ ਅਤੇ ਇਲਾਕੇ ਦੇ ਲੋਕ ਵੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰ ਰਹੇ ਹਨ।
ਹਰਜੋਤ ਸਿੰਘ ਦੀ ਇਸ ਸਫ਼ਲਤਾ ਨੂੰ ਇਸ ਲਈ ਵੀ ਖ਼ਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਦਾ ਫੌਜ ਨਾਲ ਪੁਰਾਣਾ ਅਤੇ ਡੂੰਘਾ ਸਬੰਧ ਰਿਹਾ ਹੈ। ਉਨ੍ਹਾਂ ਦੇ ਪਿਤਾ ਅਤੇ ਤਾਇਆ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਫੌਜੀ ਪਰਿਵਾਰ ਵਿੱਚ ਪਲੇ-ਬੜ੍ਹੇ ਹਰਜੋਤ ਸਿੰਘ ਨੇ ਬਚਪਨ ਤੋਂ ਹੀ ਅਨੁਸ਼ਾਸਨ, ਮਿਹਨਤ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ।
ਆਪਣੀ ਮਿਹਨਤ ਦੇ ਦਮ ’ਤੇ ਕੈਨੇਡਾ ਏਅਰ ਫੋਰਸ ਵਿੱਚ ਅਫ਼ਸਰ ਵਜੋਂ ਚੋਣ ਹਾਸਲ ਕਰਕੇ ਹਰਜੋਤ ਸਿੰਘ ਨੇ ਆਪਣੇ ਪਰਿਵਾਰ ਦੀ ਫੌਜੀ ਵਿਰਾਸਤ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਨਾ ਸਿਰਫ਼ ਪਰਿਵਾਰ ਲਈ, ਸਗੋਂ ਪਿੰਡ ਡਾਂਗੀਆਂ ਅਤੇ ਸਮੁੱਚੇ ਜਗਰਾਓਂ ਇਲਾਕੇ ਲਈ ਵੀ ਮਾਣ ਵਾਲੀ ਗੱਲ ਹੈ। ਇਲਾਕਾ ਵਾਸੀਆਂ ਵੱਲੋਂ ਹਰਜੋਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਜਾ ਰਹੀ ਹੈ।

Related