
Skip to content

ਸਮਰਾਲਾ ’ਚ ਅਵਾਰਾ ਕੁੱਤਿਆਂ ਦਾ ਕਹਿਰ, ਇੱਕੋ ਦਿਨ 5 ਲੋਕ ਬਣੇ ਸ਼ਿਕਾਰ
ਦੁਰਗਾ ਮਾਤਾ ਮੰਦਰ ਨੇੜੇ ਵਿਅਕਤੀ ’ਤੇ ਕੁੱਤੇ ਨੇ ਕੀਤਾ ਹਮਲਾ, ਸਰਕਾਰੀ ਹਸਪਤਾਲ ’ਚ ਪਹੁੰਚੇ 5 ਮਰੀਜ਼
ਸਮਰਾਲਾ (ਅਰਸ਼ਦੀਪ ਸਿੰਘ ਕਾਲੜਾ) : ਸਮਰਾਲਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਤਾਜ਼ਾ ਮਾਮਲੇ ਵਿੱਚ ਦੁਰਗਾ ਮਾਤਾ ਮੰਦਰ ਦੇ ਗੇਟ ਨੇੜੇ ਸੈਰ ਕਰਕੇ ਘਰ ਵਾਪਸ ਆ ਰਹੇ ਜਸਵਿੰਦਰ ਸਿੰਘ ਕਾਲਾ ’ਤੇ ਇੱਕ ਅਵਾਰਾ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ।
ਜਸਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਹ ਰੋਟੀ ਖਾਣ ਤੋਂ ਬਾਅਦ ਰੋਜ਼ਾਨਾ ਦੀ ਤਰ੍ਹਾਂ ਸੈਰ ਲਈ ਨਿਕਲੇ ਸਨ। ਜਦੋਂ ਉਹ ਮੰਦਰ ਦੇ ਗੇਟ ਨੇੜਿਓਂ ਆਪਣੇ ਘਰ ਵੱਲ ਵਾਪਸ ਆ ਰਹੇ ਸਨ ਤਾਂ ਇੱਕ ਕੁੱਤੇ ਨੇ ਤੇਜ਼ੀ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਮੌਕੇ ’ਤੇ ਮੌਜੂਦ ਕੁਝ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਕੁੱਤੇ ਤੋਂ ਛੁਡਵਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਮਰਾਲਾ ਲਿਜਾਇਆ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਤੋਂ ਪਹਿਲਾਂ ਹੀ ਕਰੀਬ 5 ਮਰੀਜ਼ ਕੁੱਤਿਆਂ ਦੇ ਵੱਢਣ ਕਾਰਨ ਇਲਾਜ ਲਈ ਮੌਜੂਦ ਸਨ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਵੱਧ ਰਹੇ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਸ ਦਾ ਢੁੱਕਵਾਂ ਹੱਲ ਕੀਤਾ ਜਾਵੇ।
ਉੱਥੇ ਹੀ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਅੱਜ ਕੁੱਤਿਆਂ ਦੇ ਵੱਢਣ ਦੇ ਕੁੱਲ 5 ਮਾਮਲੇ ਹਸਪਤਾਲ ਵਿੱਚ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 2 ਮਰੀਜ਼ ਬਾਹਰਲੇ ਇਲਾਕਿਆਂ ਨਾਲ ਸਬੰਧਤ ਸਨ, ਜਦਕਿ 3 ਮਰੀਜ਼ ਸਮਰਾਲਾ ਸ਼ਹਿਰ ਦੇ ਰਹਿਣ ਵਾਲੇ ਸਨ। ਡਾਕਟਰ ਮੁਤਾਬਕ ਸਾਰੇ ਮਰੀਜ਼ਾਂ ਨੂੰ ਲੋੜੀਂਦੀ ਮੁੱਢਲੀ ਮੈਡੀਕਲ ਸਹਾਇਤਾ ਅਤੇ ਦਵਾਈਆਂ ਦਿੱਤੀਆਂ ਗਈਆਂ, ਜਦਕਿ ਕੁਝ ਮਰੀਜ਼ਾਂ ਦੇ ਜ਼ਖ਼ਮਾਂ ’ਤੇ ਟਾਂਕੇ ਵੀ ਲਗਾਏ ਗਏ।
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਕਾਬੂ ਕਰਨ ਲਈ ਠੋਸ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

Related