ਨਾਭਾ ਮੀਡੀਆ ਕਲੱਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ, ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤਾ ਖੂਨਦਾਨ

ਨਾਭਾ, ਅਮਨ ਗਰਗ: ਨਾਭਾ ਮੀਡੀਆ ਕਲੱਬ ਵੱਲੋਂ ਮਾਨਵ ਸੇਵਾ ਉੱਤਮ ਸੇਵਾ ਅਤੇ ਰਾਇਲ ਰਾਈਡਰਜ਼ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ ਯਕੀਨੀ ਬਣਾਉਣਾ ਅਤੇ ਲੋਕਾਂ ਨੂੰ ਖੂਨਦਾਨ ਵਰਗੀ ਮਹਾਨ ਸਮਾਜ ਸੇਵਾ ਲਈ ਪ੍ਰੇਰਿਤ ਕਰਨਾ ਸੀ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਇਲਾਕਾ ਵਾਸੀਆਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ।

                                                                 

ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਦੇਵ ਮਾਨ, ਹਰੀ ਸਿੰਘ ਪ੍ਰੀਤ ਕੰਬਾਈਨ, ਸਮਾਜ ਸੇਵਕਾ ਪਰਮਜੀਤ ਕੌਰ ਬਾਜਵਾ ਅਤੇ ਭਾਜਪਾ ਆਗੂ ਕਮਲਜੀਤ ਰੱਖੜਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੈਂਪ ਵਿੱਚ ਸ਼ਿਰਕਤ ਕਰਕੇ ਪ੍ਰਬੰਧਕਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਤੋਂ ਇਲਾਵਾ ਰਾਜੇਸ਼ ਬਾਂਸਲ ਬੱਬੂ, ਪਰਮਜੀਤ ਸਿੰਘ ਕੈਂਥ, ਚੰਦਰ ਈਸ਼ਵਰ ਸਿੰਘ ਮੋਹੀ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੀ ਵਿਸ਼ੇਸ਼ ਤੌਰ ’ਤੇ ਕੈਂਪ ਵਿੱਚ ਪਹੁੰਚੇ।

ਮਹਿਮਾਨਾਂ ਨੇ ਨਾਭਾ ਮੀਡੀਆ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਅਜਿਹੀ ਸੇਵਾ ਹੈ ਜਿਸ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਅਜਿਹੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਇਸ ਮੌਕੇ ਨਾਭਾ ਮੀਡੀਆ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਕਲੱਬ ਵੱਲੋਂ ਪੱਤਰਕਾਰੀ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨਵ ਸੇਵਾ ਨੂੰ ਸਮਰਪਿਤ ਅਜਿਹੇ ਕਾਰਜ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ, ਖੂਨਦਾਨੀਆਂ, ਸਮਾਜ ਸੇਵਕਾਂ ਅਤੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।

ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ “ਮਾਨਵ ਸੇਵਾ ਹੀ ਉੱਤਮ ਸੇਵਾ ਹੈ” ਅਤੇ ਨਾਭਾ ਮੀਡੀਆ ਕਲੱਬ ਹਮੇਸ਼ਾ ਲੋਕ ਭਲਾਈ ਨਾਲ ਜੁੜੇ ਕਾਰਜਾਂ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਖੂਨਦਾਨ ਵਰਗੀਆਂ ਮਹਾਨ ਸੇਵਾਵਾਂ ਦਾ ਹਿੱਸਾ ਬਣਨ ਅਤੇ ਸਮਾਜ ਵਿੱਚ ਮਨੁੱਖਤਾ, ਭਾਈਚਾਰੇ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ।

ਕੈਂਪ ਦੌਰਾਨ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਕੈਂਪ ਵਿੱਚ ਪਹੁੰਚੇ ਮਹਿਮਾਨਾਂ ਅਤੇ ਖੂਨਦਾਨੀਆਂ ਨੇ ਨਾਭਾ ਮੀਡੀਆ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।