
Skip to contentਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਗਈ ਸ਼ੁੱਧ ਸ਼ਬਦ-ਜੋੜ ਅਤੇ ਸੁੰਦਰ ਲਿਖਾਈ ਵਰਕਸ਼ਾਪ।
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਉਹਨਾਂ ਦੇ ਸਕੂਲ ਵਿਖੇ ਸ਼ੁੱਧ ਸ਼ਬਦ-ਜੋੜ ਅਤੇ ਸੁੰਦਰ ਲਿਖਾਈ ਵਰਕਸ਼ਾਪ ਕਰਵਾਈ ਗਈ। ਮੰਚ ਸੰਚਾਲਕ ਵੱਲੋਂ ਸ. ਜਗਤਾਰ ਸਿੰਘ ਸੋਖੀ (ਸਟੇਟ ਐਵਾਰਡੀ) ਦੀਆਂ ਮਾਤ ਭਾਸ਼ਾ, ਸ਼ੁੱਧ ਸ਼ਬਦ ਜੋੜ ਅਤੇ ਸੁੰਦਰ ਅੱਖਰਕਾਰੀ ਵਿੱਚ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜਾਣੂ ਕਰਵਾਇਆ। ਇਸ ਵਰਕਸ਼ਾਪ ਦੇ ਵਿਸ਼ਾ ਮਾਹਿਰ ਸ. ਜਗਤਾਰ ਸਿੰਘ ਸੋਖੀ (ਸਟੇਟ ਐਵਾਰਡੀ) ਵੱਲੋਂ ਗੁਰਮੁੱਖੀ ਲਿੱਪੀ ਦੇ ਅੱਖਰਾਂ ਦੀ ਸ਼ੁੱਧ ਬਣਾਵਟ ਅਤੇ ਸ਼ੁੱਧ ਸ਼ਬਦ-ਜੋੜ ਬਾਰੇ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਸ. ਸੋਖੀ ਜੀ ਨੇ ਇਸ ਵਰਕਸ਼ਾਪ ਦੇ ਨਾਲ ਨਾਲ ਸੁੰਦਰ ਲਿਖਾਈ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਪੰਜਾਬੀ ਮਾਤ ਭਾਸ਼ਾ ਦੀ ਸ਼ੁੱਧਤਾ, ਲਿਖਣ ਸ਼ੈਲੀ ਬਾਰੇ ਸਮਝਾਇਆ ਕਿ ਕਿਸੇ ਵੀ ਇਨਸਾਨ ਦੀ ਸ਼ਖਸ਼ੀਅਤ ਦੀ ਮੁੱਢਲੀ ਪਹਿਚਾਣ ਉਸ ਦੀ ਭਾਸ਼ਾ ਤੋਂ ਹੁੰਦੀ ਹੈ, ਅੱਜ ਦੇ ਦੌਰ ਵਿੱਚ ਵਿਦਿਆਰਥੀ ਜੀਵਨ ਵਿੱਚ ਹੀ ਮਾਤ ਭਾਸ਼ਾ ਨੂੰ ਪੜ੍ਹਨ, ਲਿਖਣ ਅਤੇ ਬੋਲਣ ਵਿੱਚ ਇਨਾਂ ਪਰਿਪੱਕ ਹੋਣ ਚਾਹੀਦਾ ਹੈ ਕਿ ਉਹ ਆਸਾਨੀ ਨਾਲ ਆਪਣੇ ਆਉਣ ਵਾਲੇ ਭਵਿੱਖ਼ ਲਈ ਤਿਆਰ ਹੋ ਸਕਣ। ਕਿਸੇ ਹੋਰ ਭਾਸ਼ਾ ਨੂੰ ਸਿੱਖਣ ਲਈ ਮਾਂ ਬੋਲੀ ਵਿੱਚ ਪਰਿਪੱਕ ਹੋਣਾ ਲਾਜ਼ਮੀ ਹੈ। ਸ. ਜਗਤਾਰ ਸੋਖੀ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਅਤੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਕੂਲਾਂ ਵੱਲੋਂ ਅਜਿਹੀਆਂ ਵਰਕਸ਼ਾਪ ਲਗਾਉਣਾ ਸ਼ਲਾਘਾਯੋਗ ਕਦਮ ਹੈ, ਉਹਨਾਂ ਨੇ ਇਸ ਵਰਕਸ਼ਾਪ ਲਗਾਉਣ ਲਈ ਸੱਦਾ ਦੇਣ ਦਾ ਵਿਸ਼ੇਸ਼ ਧੰਨਵਾਦ ਕੀਤਾ। ਵਿਦਿਆਰਥੀਆਂ ਵੱਲੋਂ ਇਸ ਵਰਕਸ਼ਾਪ ਵਿੱਚ ਦਿਲਚਸਪੀ ਦਿਖਾਈ ਅਤੇ ਸਵਾਲ-ਜਵਾਬ ਵੀ ਕੀਤੇ। ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਸਕੂਲ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਤੇ ਪ੍ਰਚਾਰ ਲਈ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾਂਦੇ ਸਮਾਗਮ ਕਰਵਾਉਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਅਜਿਹੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਦੀਆਂ ਵਰਕਸ਼ਾਪ ਦੇ ਬਹੁਤ ਸਾਰਥਕ ਨਤੀਜੇ ਮਿਲਦੇ ਹਨ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਸ਼੍ਰੀਮਤੀ ਮੋਨਾ ਘਈ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਕਰਵਾਏ ਸਮਾਗਮ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਦਾ ਸਕੂਲ ਹਮੇਸ਼ਾ ਪੰਜਾਬੀ ਮਾਤ ਭਾਸ਼ਾ ਨੂੰ ਸਮਰਪਿਤ ਸਮਾਗਮ ਕਰਵਾਉਣ ਲਈ ਹਾਜ਼ਰ ਹੈ। ਸਕੂਲ ਮੈਨੇਜਮੈਂਟ ਵੱਲੋਂ ਸ. ਜਗਤਾਰ ਸਿੰਘ ਸੋਖੀ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਉਹਨਾਂ ਦਾ ਸੇਵਾਵਾਂ ਦੇਣ ਲਈ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਭਾਸ਼ਾ ਵਿਭਾਗ ਕਪੂਰਥਲਾ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਸਕੂਲ ਮੈਨੇਜਮੈਂਟ, ਸਟਾਫ਼, ਵਿਦਿਆਰਥੀਆਂ ਦੇ ਨਾਲ ਜ਼ਿਲ੍ਹਾ ਭਾਸ਼ਾ ਦਫਤਰ ਦਾ ਸਮੂਹ ਸਟਾਫ਼ ਮੌਜੂਦ ਸੀ।
Related