
Skip to content

ਜ਼ਿਲ੍ਹਾ ਭਾਸ਼ਾ ਦਫ਼ਤਰ,ਕਪੂਰਥਲਾ ਵੱਲੋਂ ਕਿਤਾਬ ਮੰਚ ਕਪੂਰਥਲਾ (ਰਜਿ.) ਦੇ ਸਹਿਯੋਗ ਨਾਲ ਸੁਰਜੀਤ ਪਾਤਰ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ
ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਅਤੇ ਕਿਤਾਬ ਮੰਚ, ਕਪੂਰਥਲਾ (ਰਜਿ) ਦੇ ਸਾਂਝੇ ਉਪਰਾਲੇ ਨਾਲ ਪਦਮਸ਼੍ਰੀ ਸੁਰਜੀਤ ਪਾਤਰ ਜੀ ਦੀ ਦੂਜੀ ਬਰਸੀ ਮੌਕੇ ਉਹਨਾਂ ਦੇ ਸਾਹਿਤਕ ਸਫ਼ਰ ਅਤੇ ਸਾਹਿਤਕਾਰਾਂ ਨਾਲ ਨਿੱਜੀ ਤਜਰਬਿਆਂ ਨੂੰ ਸਾਂਝਾ ਕਰਨ ਹਿੱਤ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਮੌਕੇ ਜ਼ਿਲ੍ਹੇ ਦੇ ਵੱਖ ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਨੇ ਆਏ ਹੋਏ ਮਹਿਮਾਨਾਂ ਅਤੇ ਕਵੀਆਂ ਦਾ ਸਵਾਗਤ ਕਰਦਿਆਂ, ਡਾ. ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦਿੰਦਿਆ ਕਿਹਾ ਕਿ ਸੁਰਜੀਤ ਪਾਤਰ ਸਾਹਿਬ ਦਾ ਜਾਣਾ ਇੱਕ ਯੁੱਗ ਦੇ ਅੰਤ ਸਮਾਨ ਹੈ। ਇਸ ਸਮਾਗਮ ਵਿੱਚ ਡਾ. ਆਸਾ ਸਿੰਘ ਘੁੰਮਣ ਜੀ (ਨਡਾਲਾ) ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਉਹਨਾਂ ਨੇ ਪਾਤਰ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ, ਇਸ ਦੇ ਨਾਲ ਹੀ ਉਹਨਾਂ ਕਿਤਾਬ ਮੰਚ ਕਪੂਰਥਲਾ ਦੇ ਕਿਤਾਬ ਬੈਂਕ ਵਰਗੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸ਼ਹਿਬਾਜ਼ ਖ਼ਾਨ ਵੱਲੋਂ ਸੁਰਜੀਤ ਪਾਤਰ ਜੀਂ ਦੇ ਸਾਹਿਤਕ ਸਫ਼ਰ ਤੇ ਪਰਚਾ ਪੜ੍ਹਿਆ ਅਤੇ ਉਹਨਾਂ ਦੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸ਼੍ਰੀਮਤੀ ਪ੍ਰੋਮਿਲਾ ਅਰੋੜਾ ਜੀ ਵੱਲੋਂ ਪਾਤਰ ਜੀ ਨਾਲ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਗਏ।ਇਸ ਸਮਾਗਮ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਮੁੱਨਜ਼ਾ ਇਰਸ਼ਾਦ ਵੱਲੋਂ ਨਿਭਾਈ ਗਈ। ਕਿਤਾਬ ਮੰਚ, ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਵੱਲੋਂ ਇਸ ਮੰਚ ਦਾ ਮੰਤਵ ਅਤੇ ਕਿਤਾਬ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਭਵਿੱਖੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਆਕਰਸ਼ਣ ਕਵੀ ਦਰਬਾਰ ਰਿਹਾ ਜਿਸ ਵਿੱਚ ਕ੍ਰਮਵਾਰ ਅਵਤਾਰ ਸਿੰਘ ਭੰਡਾਲ, ਨੀਤ ਨਰਿੰਦਰ, ਗੁਰਪ੍ਰੀਤ ਪਨੇਸਰ, ਸਵਰਾਜ ਕੌਰ, ਸ਼ਹਿਬਾਜ਼ ਖ਼ਾਨ, ਅਵਤਾਰ ਅਸੀਮ, ਪ੍ਰੇਮ ਰੱਤੜਾ, ਦਵਿੰਦਰ ਸਿੰਘ ਘੁੰਮਣ ਅਤੇ ਮਨੀਸ਼ ਕੁਮਾਰ ਬਹਿਲ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਕਿਤਾਬ ਮੰਚ ਵੱਲੋਂ ਮੁੱਖ ਮਹਿਮਾਨ, ਕਵੀਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਪੁਸਤਕਾਂ ਭੇਂਟ ਕੀਤੀਆਂ। ਉਹਨਾਂ ਇਹ ਵੀ ਦੱਸਿਆ ਕਿ ਕਿਤਾਬ ਮੰਚ ਕਪੂਰਥਲਾ (ਰਜਿ) ਵੱਲੋਂ ਸ਼ਹਿਰ ਵਿੱਚ ਕਈ ਥਾਵਾਂ ਤੇ ਕਿਤਾਬ ਬੈਂਕ ਸੁਵਿਧਾ ਦੀ ਸ਼ੁਰੂਆਤ ਕਰਨਗੇ ਜਿਸ ਦਾ ਆਗਾਜ਼ ਅੱਜ ਸਮਾਗਮ ਦੌਰਾਨ ਕੀਤਾ ਗਿਆ ਜਿਸ ਮੁਹਿੰਮ ਦੇ ਚੱਲਦੇ ਜ਼ਿਲ੍ਹੇ ਵਿੱਚ ਕੋਈ ਵੀ ਨਾਗਰਿਕ ਜਿਸ ਕੋਲ ਪੁਸਤਕਾਂ ਮੌਜੂਦ ਹਨ (ਜੋ ਉਹ ਪੜ੍ਹ ਚੁੱਕੇ ਹੋਣ ਜਾਂ ਉਹਨਾਂ ਕੋਲ ਇੱਕ ਤੋਂ ਵੱਧ ਪ੍ਰਤੀਆਂ ਹੋਣ) ਦਾਨ ਕਰ ਸਕਦੇ ਹਨ ਅਤੇ ਕੋਈ ਵੀ ਪੜ੍ਹਨ ਵਿਚ ਰੁਚੀ ਰੱਖਣ ਵਾਲਾ ਇਸ ਬੈਂਕ ਤੋਂ ਕਿਤਾਬ ਪੜ੍ਹਨ ਲਈ ਲੈ ਵੀ ਸਕਦਾ ਹੈ। ਇਹ ਕਿਤਾਬ ਬੈਂਕ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵਿਖੇ ਅੱਜ ਤੋਂ ਸ਼ੁਰੂ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਸਥਾਨਾਂ ਤੇ ਵੀ ਇਹ ਕਿਤਾਬ ਬੈਂਕ ਸਥਾਪਿਤ ਕੀਤੇ ਜਾਣਗੇ। ਡਾ ਹਰਭਜਨ ਸਿੰਘ ਵੱਲੋਂ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਆਪਣੇ ਦਫ਼ਤਰ ਵਿਖੇ ਇਸ ਉਪਰਾਲੇ ਦੀ ਸ਼ੁਰੂਆਤ ਕੀਤੀ। ਇਸ ਮੌਕੇ ਆਏ ਹੋਏ ਮਹਿਮਾਨਾਂ, ਕਵੀਆਂ ਦੇ ਨਾਲ ਸ਼੍ਰੀਮਤੀ ਰਵਿੰਦਰ ਕੌਰ (ਸੇਵਾਮੁਕਤ ਬੈਂਕ ਮੈਨੇਜਰ), ਮਨਪ੍ਰੀਤ ਕੌਰ, ਕੋਮਲ ਅਤੇ ਅਮਰੀਕ ਸਿੰਘ ਮੌਜੂਦ ਸਨ।
Related