
Skip to content

ਪੁਸਤਕ ਮੈਚਿੰਗ ਗ੍ਰਾਂਟ ਤਹਿਤ ਭਾਸ਼ਾ ਵਿਭਾਗ ਵੱਲੋਂ ਦਿੱਤੀਆਂ ਜਾਣਗੀਆਂ ਮੁਫ਼ਤ ਪੁਸਤਕਾਂ
ਭਾਸ਼ਾ ਵਿਭਾਗ, ਪੰਜਾਬ ਸਮੇਂ-ਸਮੇਂ ਤੇ ਪੁਸਤਕ ਸਭਿਆਚਾਰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਵੰਨ-ਸੁਵੰਨੀਆਂ ਗਤੀਵਿਧੀਆਂ ਕਰਦਾ ਰਹਿੰਦਾ ਹੈ। ਇਸੇ ਤਹਿਤ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੁਸਤਕ ਮੈਚਿੰਗ ਗ੍ਰਾਂਟ ਤਹਿਤ ਮੁਫ਼ਤ ਪੁਸਤਕਾਂ ਦਿੱਤੀਆਂ ਜਾਣਗੀਆਂ। ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਇਸ ਸਕੀਮ ਦਾ ਲਾਭ ਸਕੂਲ, ਕਾਲਜ ਅਤੇ ਪੇਂਡੂ ਲਾਇਬ੍ਰੇਰੀਆਂ ਉਠਾ ਸਕਦੇ ਹਨ। ਸਹਾਇਕ ਡਾਇਰੈਕਟਰ, ਸ. ਤੇਜਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਨੀ ਰਾਸ਼ੀ ਦੀਆਂ ਪੁਸਤਕਾਂ ਕੋਈ ਸੰਸਥਾ ਖਰੀਦੇਗੀ ਓਨੀ ਰਾਸ਼ੀ ਦੀ ਹੀ ਪੁਸਤਕਾਂ ਸੰਬੰਧਤ ਸੰਸਥਾ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਸਮੂਹ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬ੍ਰੇਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਪੁਸਤਕਾਂ ਖਰੀਦਣ ਦੀਆਂ ਚਾਹਵਾਨ ਸੰਸਥਾਵਾਂ ਆਪਣੇ ਲੈਟਰ-ਪੈਡ ’ਤੇ ਸੰਸਥਾ ਦੇ ਮੁੱਖੀ ਵੱਲੋਂ ਬੇਨਤੀ ਪੱਤਰ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵਿਖੇ ਦੇ ਸਕਦੇ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਪੁਸਤਕਾਂ ’ਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵਿਸ਼ੇਸ਼ ਛੋਟ ਵੀ ਦਿੱਤੀ ਜਾਂਦੀ ਹੈ। ਇਹ ਇੱਕ ਲਾਹੇਵੰਦ ਯੋਜਨਾ ਹੈ ਜੋ ਕਿ ਸੀਮਤ ਸਮੇਂ ਤੱਕ ਹੈ। ਇਸ ਲਈ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤਾਂ ਜੋ ਪੁਸਤਕ ਸੱਭਿਆਚਾਰ ਵਿਕਸਤ ਕਰਕੇ ਅਸੀਂ ਸਮਾਜ ਨੂੰ ਚੰਗੀ ਅਤੇ ਉਸਾਰੂ ਸੇਧ ਦੇ ਸਕੀਏ। ਵਧੇਰੇ ਜਾਣਕਾਰੀ ਲਈ ਸੇਲ ਇੰਚਾਰਜ ਸ੍ਰੀ ਮਨੀਸ਼ ਕੁਮਾਰ (62840-61290) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Related