Skip to content
ਜਲੰਧਰ ਇੰਪਰੂਵਮੈਂਟ ਟਰੱਸਟ ਨੇ ਬਾਵਾ ਬਿਲਡਿੰਗ ਮੈਟੀਰੀਅਲਜ਼ ਨੂੰ ਭੇਜਿਆ ਫਾਈਨਲ ਨੋਟਿਸ, 5 ਨਵੰਬਰ ਤੱਕ ਜ਼ਮੀਨ ਖਾਲੀ ਕਰਨ ਦੇ ਹੁਕਮ
110 ਏਕੜ ਵਿਕਾਸ ਯੋਜਨਾ ਤਹਿਤ ਲਤੀਫਪੁਰਾ ਦੀ ਜ਼ਮੀਨ ਦਾ ਕਬਜ਼ਾ ਵਾਪਸ ਲੈਣ ਦੀ ਤਿਆਰੀ, ਕਬਜ਼ਾ ਨਾ ਛੱਡਣ ’ਤੇ ਵੀਰਵਾਰ ਨੂੰ ਹੋਵੇਗੀ ਕਾਰਵਾਈ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਜਲੰਧਰ ਇੰਪਰੂਵਮੈਂਟ ਟਰੱਸਟ ਨੇ ਆਪਣੀ 110 ਏਕੜ ਵਿਕਾਸ ਯੋਜਨਾ ਤਹਿਤ ਲਤੀਫਪੁਰਾ ਵਿੱਚ ਆਉਂਦੀ ਜ਼ਮੀਨ ਤੋਂ ਕਥਿਤ ਨਾਜਾਇਜ਼ ਕਬਜ਼ਾ ਹਟਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਟਰੱਸਟ ਵੱਲੋਂ ਬਾਵਾ ਬਿਲਡਿੰਗ ਮੈਟੀਰੀਅਲਜ਼ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ 5 ਨਵੰਬਰ 2026 ਤੋਂ ਪਹਿਲਾਂ ਜ਼ਮੀਨ ਖਾਲੀ ਕਰਕੇ ਉਸ ਦਾ ਸ਼ਾਂਤੀਪੂਰਨ ਕਬਜ਼ਾ ਟਰੱਸਟ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।
2 ਨਵੰਬਰ 2026 ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਨਿਰਧਾਰਤ ਸਮੇਂ ਤੱਕ ਜ਼ਮੀਨ ਖਾਲੀ ਨਹੀਂ ਕੀਤੀ ਜਾਂਦੀ ਤਾਂ ਇੰਪਰੂਵਮੈਂਟ ਟਰੱਸਟ ਵੱਲੋਂ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਹਾਈਕੋਰਟ ਦੇ ਫੈਸਲੇ ਤੋਂ ਬਾਅਦ ਕਬਜ਼ਾ ਲੈਣ ਦੀ ਪ੍ਰਕਿਰਿਆ ਸ਼ੁਰੂ
ਨੋਟਿਸ ਅਨੁਸਾਰ, ਬਾਵਾ ਬਿਲਡਿੰਗ ਮੈਟੀਰੀਅਲਜ਼ ਨਾਲ ਸਬੰਧਤ ਅਪੀਲ ਮਾਮਲੇ ਵਿੱਚ 21 ਜੁਲਾਈ 2026 ਨੂੰ ਆਏ ਫੈਸਲੇ ਤਹਿਤ ਦੂਜੀ ਅਪੀਲ RSA-3736-2017 ਖਾਰਜ ਹੋ ਚੁੱਕੀ ਹੈ। ਇਸ ਤੋਂ ਬਾਅਦ ਟਰੱਸਟ ਨੇ ਸਬੰਧਤ ਜ਼ਮੀਨ ਦਾ ਕਬਜ਼ਾ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਨਿੱਜੀ ਸਾਮਾਨ ਅਤੇ ਮਸ਼ੀਨਰੀ ਹਟਾਉਣ ਦੇ ਹੁਕਮ
ਟਰੱਸਟ ਵੱਲੋਂ ਜਾਰੀ ਨੋਟਿਸ ਵਿੱਚ ਸਬੰਧਤ ਧਿਰ ਨੂੰ ਜ਼ਮੀਨ ਤੋਂ ਆਪਣਾ ਨਿੱਜੀ ਸਾਮਾਨ, ਮਸ਼ੀਨਰੀ ਅਤੇ ਹੋਰ ਸਮੱਗਰੀ ਹਟਾਉਣ ਲਈ ਕਿਹਾ ਗਿਆ ਹੈ। ਨਾਲ ਹੀ 5 ਨਵੰਬਰ ਤੋਂ ਪਹਿਲਾਂ ਜ਼ਮੀਨ ਖਾਲੀ ਕਰਕੇ ਉਸ ਦਾ ਸ਼ਾਂਤੀਪੂਰਨ ਕਬਜ਼ਾ ਟਰੱਸਟ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।
5 ਨਵੰਬਰ ਨੂੰ ਹੋ ਸਕਦੀ ਹੈ ਕਾਰਵਾਈ
ਇੰਪਰੂਵਮੈਂਟ ਟਰੱਸਟ ਨੇ ਨੋਟਿਸ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਿਰਧਾਰਤ ਸਮੇਂ ਤੱਕ ਜ਼ਮੀਨ ਖਾਲੀ ਕਰਕੇ ਕਬਜ਼ਾ ਨਹੀਂ ਸੌਂਪਿਆ ਗਿਆ ਤਾਂ 5 ਨਵੰਬਰ 2026, ਵੀਰਵਾਰ ਨੂੰ ਅਦਾਲਤੀ ਹੁਕਮਾਂ ਦੇ ਮੱਦੇਨਜ਼ਰ ਨਿਯਮਾਂ ਅਨੁਸਾਰ ਜ਼ਮੀਨ ਦਾ ਕਬਜ਼ਾ ਪ੍ਰਾਪਤ ਕਰਨ ਲਈ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਾਵਾ ਬਿਲਡਿੰਗ ਮੈਟੀਰੀਅਲਜ਼ ਬਨਾਮ ਜਲੰਧਰ ਇੰਪਰੂਵਮੈਂਟ ਟਰੱਸਟ ਮਾਮਲੇ ਵਿੱਚ ਦੂਜੀ ਅਪੀਲ RSA-3736-2017 ਖਾਰਜ ਕਰ ਦਿੱਤੀ ਸੀ। ਅਦਾਲਤ ਨੇ ਟਰੱਸਟ ਦੇ ਹੱਕ ਵਿੱਚ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਨੂੰ ਬਰਕਰਾਰ ਰੱਖਿਆ। ਅਦਾਲਤੀ ਫੈਸਲੇ ਅਨੁਸਾਰ 110 ਏਕੜ ਵਿਕਾਸ ਯੋਜਨਾ ਤਹਿਤ ਐਕਵਾਇਰ ਕੀਤੀ ਗਈ ਜ਼ਮੀਨ ਉੱਤੇ ਟਰੱਸਟ ਨੇ ਆਪਣਾ ਹੱਕ ਸਾਬਤ ਕੀਤਾ ਹੈ, ਜਦਕਿ ਬਾਵਾ ਬਿਲਡਿੰਗ ਮੈਟੀਰੀਅਲਜ਼ ਆਪਣਾ ਕਬਜ਼ਾ ਕਾਨੂੰਨੀ ਜਾਂ ਅਧਿਕਾਰਤ ਸਾਬਤ ਨਹੀਂ ਕਰ ਸਕਿਆ।
ਹੁਣ ਦੇਖਣਾ ਹੋਵੇਗਾ ਕਿ 5 ਨਵੰਬਰ ਨੂੰ ਇੰਪਰੂਵਮੈਂਟ ਟਰੱਸਟ ਵੱਲੋਂ ਜ਼ਮੀਨ ਦਾ ਕਬਜ਼ਾ ਲੈਣ ਲਈ ਕੀਤੀ ਜਾਣ ਵਾਲੀ ਕਾਰਵਾਈ ਕਿਸ ਤਰ੍ਹਾਂ ਅਮਲ ਵਿੱਚ ਲਿਆਂਦੀ ਜਾਂਦੀ ਹੈ।
Related