
Skip to content

ਜਲੰਧਰ ’ਚ ਭਾਜਪਾ ਵਰਕਰ ਦੇ ਘਰ ’ਤੇ ਹਮਲਾ, ਇੱਟਾਂ-ਪੱਥਰ ਵਰਸਾਏ; ਬਜ਼ੁਰਗ ਔਰਤ ਜ਼ਖ਼ਮੀ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਜਲੰਧਰ ਵੈਸਟ ਦੇ ਬਸਤੀ ਸ਼ੇਖ ਇਲਾਕੇ ਵਿੱਚ ਭਾਜਪਾ ਵਰਕਰ ਅਸ਼ਵਨੀ ਅਟਵਾਲ ਦੇ ਘਰ ’ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਅਸ਼ਵਨੀ ਅਟਵਾਲ ਦੇ ਮੁਤਾਬਕ ਬੀਤੀ ਰਾਤ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਉਨ੍ਹਾਂ ਦੇ ਘਰ ’ਤੇ ਇੱਟਾਂ-ਪੱਥਰ ਵਰਸਾਏ। ਇਸ ਹਮਲੇ ਦੌਰਾਨ ਘਰ ਵਿੱਚ ਮੌਜੂਦ ਇੱਕ ਬਜ਼ੁਰਗ ਔਰਤ ਜ਼ਖ਼ਮੀ ਹੋ ਗਈ, ਜਦਕਿ ਘਰ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਸ਼ੱਕ ਹੈ। ਹਮਲੇ ਦੀ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।
ਵਾਰਦਾਤ ਤੋਂ ਬਾਅਦ ਪਰਿਵਾਰ ਅਤੇ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਭਾਜਪਾ ਵਰਕਰ ਅਸ਼ਵਨੀ ਅਟਵਾਲ ਨੇ ਪੁਲਿਸ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related