ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵੱਲੋਂ ਸਿਵਲ ਹਸਪਤਾਲ ਤੇ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ

ਐਂਬੂਲੈਂਸ ਦੇ ਰਿਕਾਰਡ ’ਚ ਕਮੀਆਂ ਅਤੇ ਮੁਰਦਾਘਰ ’ਚ ਫਰਿੱਜਾਂ ਦੀ ਘਾਟ ਦਾ ਲਿਆ ਨੋਟਿਸ, ਮੁੱਖ ਸਕੱਤਰ ਨੂੰ ਭੇਜੀ ਜਾਵੇਗੀ ਰਿਪੋਰਟ

ਜਤਿੰਦਰ ਪਿੰਕਲ, ਫਿਰੋਜ਼ਪੁਰ: ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵੱਲੋਂ ਅੱਜ ਸਵੇਰੇ 9 ਵਜੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਅਤੇ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਅਚਨਚੇਤ ਨਿਰੀਖਣ ਨੂੰ ਲੈ ਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਲਰਟ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੀ ਸਫ਼ਾਈ ਵਿਵਸਥਾ, ਸਿਹਤ ਸਹੂਲਤਾਂ ਅਤੇ ਪੁਲਿਸ ਥਾਣੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਜਤਿੰਦਰ ਸਿੰਘ ਸ਼ੰਟੀ ਵੱਲੋਂ ਜ਼ੀਰਾ ਵਿਖੇ ਜਨਤਕ ਸੁਣਵਾਈ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਨੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਅਤੇ ਥਾਣਾ ਸਿਟੀ ਦਾ ਦੌਰਾ ਕੀਤਾ।

ਸਿਵਲ ਹਸਪਤਾਲ ਦੇ ਨਿਰੀਖਣ ਦੌਰਾਨ ਸ਼ੰਟੀ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਉਨ੍ਹਾਂ ਨੇ ਹਸਪਤਾਲ ਦਾ ਦੌਰਾ ਕੀਤਾ ਸੀ ਤਾਂ ਉੱਥੇ ਗੰਦਗੀ ਅਤੇ ਕਈ ਹੋਰ ਕਮੀਆਂ ਸਾਹਮਣੇ ਆਈਆਂ ਸਨ। ਪਰ ਇਸ ਵਾਰ ਹਸਪਤਾਲ ਦੀ ਸਫ਼ਾਈ ਵਿਵਸਥਾ ਵਿੱਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ ਹੈ। ਹਸਪਤਾਲ ਪਹਿਲਾਂ ਦੇ ਮੁਕਾਬਲੇ ਵਧੇਰੇ ਸਾਫ਼-ਸੁਥਰਾ ਨਜ਼ਰ ਆਇਆ, ਜਿਸ ’ਤੇ ਉਨ੍ਹਾਂ ਨੇ ਤਸੱਲੀ ਪ੍ਰਗਟਾਈ।

108 ਐਂਬੂਲੈਂਸ ਦੇ ਰਿਕਾਰਡ ’ਚ ਕਮੀਆਂ, ਮੁਰਦਾਘਰ ’ਚ ਫਰਿੱਜਾਂ ਦੀ ਘਾਟ

ਨਿਰੀਖਣ ਦੌਰਾਨ 108 ਐਂਬੂਲੈਂਸ ਦੇ ਰਿਕਾਰਡ ਨੂੰ ਨਿਯਮਤ ਤੌਰ ’ਤੇ ਸੰਭਾਲਣ ਵਿੱਚ ਕਮੀਆਂ ਸਾਹਮਣੇ ਆਈਆਂ। ਦੱਸਿਆ ਗਿਆ ਕਿ ਕਾਫ਼ੀ ਸਮੇਂ ਤੋਂ ਐਂਬੂਲੈਂਸ ਦਾ ਰਿਕਾਰਡ ਨਿਯਮਤ ਤੌਰ ’ਤੇ ਦਰਜ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਮੰਗੀ ਗਈ ਹੈ।

ਇਸ ਤੋਂ ਇਲਾਵਾ ਹਸਪਤਾਲ ਦੇ ਮੁਰਦਾਘਰ ਵਿੱਚ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਫਰਿੱਜਾਂ ਦੀ ਘਾਟ ਦਾ ਮਾਮਲਾ ਵੀ ਸਾਹਮਣੇ ਆਇਆ। ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਕਮੀਆਂ ਸਬੰਧੀ ਰਿਪੋਰਟ ਤਿਆਰ ਕਰਕੇ ਮੁੱਖ ਸਕੱਤਰ ਪੰਜਾਬ ਨੂੰ ਭੇਜੀ ਜਾਵੇਗੀ, ਤਾਂ ਜੋ ਲੋੜੀਂਦੇ ਸੁਧਾਰ ਕਰਵਾਏ ਜਾ ਸਕਣ।

ਅੱਖਾਂ ਦੇ ਹਸਪਤਾਲ ਵਿੱਚ ਚੋਰੀਆਂ ਦੇ ਮਾਮਲੇ ’ਤੇ ਐੱਸਐੱਮਓ ਤੋਂ ਮੰਗਿਆ ਜਾਵੇਗਾ ਜਵਾਬ

ਸਿਵਲ ਹਸਪਤਾਲ ਦੇ ਲੰਬੇ ਸਮੇਂ ਤੋਂ ਚਾਲੂ ਨਾ ਹੋਣ ਵਾਲੇ ਅੱਖਾਂ ਦੇ ਹਸਪਤਾਲ ਵਿੱਚ ਹੋਈਆਂ ਚੋਰੀਆਂ ਦਾ ਮਾਮਲਾ ਵੀ ਜਤਿੰਦਰ ਸਿੰਘ ਸ਼ੰਟੀ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਸਬੰਧੀ ਉਨ੍ਹਾਂ ਨੇ ਐੱਸਐੱਮਓ ਤੋਂ ਜਾਣਕਾਰੀ ਹਾਸਲ ਕੀਤੀ।

ਸ਼ੰਟੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਬੰਧਤ ਐੱਸਐੱਮਓ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ, ਜਿਸ ਰਾਹੀਂ ਹਸਪਤਾਲ ਵਿੱਚ ਚੋਰੀਆਂ ਹੋਣ ਦੇ ਕਾਰਨਾਂ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਜਵਾਬ ਮੰਗਿਆ ਜਾਵੇਗਾ।

ਥਾਣਾ ਸਿਟੀ ਦੇ ਪ੍ਰਬੰਧਾਂ ਦਾ ਵੀ ਲਿਆ ਜਾਇਜ਼ਾ

ਸਿਵਲ ਹਸਪਤਾਲ ਦੀ ਚੈਕਿੰਗ ਤੋਂ ਬਾਅਦ ਜਤਿੰਦਰ ਸਿੰਘ ਸ਼ੰਟੀ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਥਾਣੇ ਦੇ ਵੱਖ-ਵੱਖ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਇੱਕ ਮਾਮਲੇ ਸਬੰਧੀ ਥਾਣਾ ਮੁਖੀ ਸੁਖਚੈਨ ਮਹਿਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਮਾਮਲੇ ਨੂੰ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ।

ਉਨ੍ਹਾਂ ਨੇ ਥਾਣੇ ਅੰਦਰ ਹਵਾਲਾਤ, ਮਾਲਖਾਨਾ, ਬਾਥਰੂਮ ਅਤੇ ਹੋਰ ਸਹੂਲਤਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਜਿੱਥੇ ਵੀ ਕਮੀਆਂ ਨਜ਼ਰ ਆਈਆਂ, ਉੱਥੇ ਲੋੜੀਂਦੇ ਸੁਧਾਰ ਕਰਨ ਦੀ ਹਦਾਇਤ ਕੀਤੀ ਗਈ।

ਇਸ ਮੌਕੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਫਿਰੋਜ਼ਪੁਰ ਕੋਰ ਗਰੁੱਪ ਦੇ ਮੈਂਬਰ ਗੁਰਨਾਮ ਸਿੱਧੂ ਗਾਮਾ, ਨਰਿੰਦਰ ਸਿੰਘ ਕੇਸਰ ਅਤੇ ਗੁਰਨੂਰ ਬਰਾੜ ਵੀ ਹਾਜ਼ਰ ਸਨ।