ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅਨੁਸੂਚਿਤ ਜਾਤੀ ਭਾਈਚਾਰੇ ਦੀ ਭਲਾਈ ਲਈ ਸਿੱਖਿਆ, ਹੁਨਰ ਵਿਕਾਸ, ਰੁਜ਼ਗਾਰ, ਉੱਦਮਤਾ, ਪਿੰਡਾਂ ਦੇ ਵਿਕਾਸ ਅਤੇ ਸਿਹਤ ਸਹਾਇਤਾ ਸਮੇਤ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ।

ਭਗਵਾਨ ਵਾਲਮੀਕਿ ਜਯੰਤੀ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਗੈਰ-ਰਸਮੀ ਗੱਲਬਾਤ ਦੌਰਾਨ ਸਾਂਪਲਾ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੈ ਯੋਜਨਾ ਤਹਿਤ 2022-23 ਤੋਂ 2025-26 ਤੱਕ ਪੰਜਾਬ ਨੂੰ ₹173.69 ਕਰੋੜ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ 2025-26 ਦੇ ₹90.94 ਕਰੋੜ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 2026-27 ਵਿੱਚ ਹੁਣ ਤੱਕ ₹17.80 ਕਰੋੜ ਹੋਰ ਜਾਰੀ ਕੀਤੇ ਜਾ ਚੁੱਕੇ ਹਨ।

ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਪੰਜਾਬ ਦੇ 3,763 ਪਿੰਡਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਪੰਜ ਲੱਖ ਤੋਂ ਵੱਧ ਐੱਸਸੀ ਵਸਨੀਕ ਰਹਿੰਦੇ ਹਨ। ਅਕਤੂਬਰ 2026 ਤੱਕ 327 ਪਿੰਡਾਂ ਨੂੰ ਆਦਰਸ਼ ਗ੍ਰਾਮ ਬਣਾਇਆ ਗਿਆ ਹੈ।

ਵਿਦਿਆਰਥੀਆਂ ਲਈ ਵੀ ਵੱਡੀ ਸਹਾਇਤਾ

ਵਿਜੇ ਸਾਂਪਲਾ ਨੇ ਦੱਸਿਆ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਤਹਿਤ 2020 ਤੋਂ 2023 ਦੌਰਾਨ 3.69 ਲੱਖ ਅਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤਹਿਤ 5.07 ਲੱਖ ਪੰਜਾਬੀ ਵਿਦਿਆਰਥੀਆਂ ਨੂੰ ਲਾਭ ਮਿਲਿਆ। 2024-25 ਵਿੱਚ 2,05,605 ਵਿਦਿਆਰਥੀਆਂ ਲਈ ₹322.44 ਕਰੋੜ ਅਤੇ 2025-26 ਵਿੱਚ 1,63,066 ਵਿਦਿਆਰਥੀਆਂ ਲਈ ₹333.37 ਕਰੋੜ ਪੋਸਟ-ਮੈਟ੍ਰਿਕ ਸਕਾਲਰਸ਼ਿਪ ਵਜੋਂ ਜਾਰੀ ਕੀਤੇ ਗਏ।

ਉਨ੍ਹਾਂ ਕਿਹਾ ਕਿ ਪ੍ਰੀ-ਮੈਟ੍ਰਿਕ ਯੋਜਨਾ ਤਹਿਤ 2025-26 ਵਿੱਚ 1,25,119 ਵਿਦਿਆਰਥੀਆਂ ਲਈ ₹26.47 ਕਰੋੜ ਦਿੱਤੇ ਗਏ। ਇਸ ਤੋਂ ਇਲਾਵਾ SHRESHTA ਤਹਿਤ 108 ਵਿਦਿਆਰਥੀਆਂ ਨੇ ਰਿਹਾਇਸ਼ੀ ਸਕੂਲਾਂ ਵਿੱਚ ਦਾਖਲਾ ਲਿਆ।

ਐੱਸਸੀ ਉੱਦਮੀਆਂ ਅਤੇ ਰੁਜ਼ਗਾਰ ਲਈ ਯੋਜਨਾਵਾਂ

ਸਾਂਪਲਾ ਮੁਤਾਬਕ ਐੱਸਸੀ ਉੱਦਮੀਆਂ ਦੀਆਂ ਪੰਜ ਕੰਪਨੀਆਂ ਨੂੰ ਵੈਂਚਰ ਕੈਪੀਟਲ ਫੰਡ ਤਹਿਤ ₹19.40 ਕਰੋੜ ਮਨਜ਼ੂਰ ਕੀਤੇ ਗਏ, ਜਦਕਿ ₹19.25 ਕਰੋੜ ਵੰਡੇ ਜਾ ਚੁੱਕੇ ਹਨ। NSFD C ਰਾਹੀਂ 21,756 ਵਿਅਕਤੀਆਂ ਨੂੰ ਲਾਭ ਮਿਲਿਆ ਅਤੇ 2025-26 ਵਿੱਚ 1,553 ਲਾਭਪਾਤਰੀਆਂ ਨੂੰ ₹24.31 ਕਰੋੜ ਦੀ ਸਹਾਇਤਾ ਦਿੱਤੀ ਗਈ। ਸਟੈਂਡ-ਅੱਪ ਇੰਡੀਆ ਤਹਿਤ 388 ਐੱਸਸੀ ਖਾਤਿਆਂ ਲਈ ₹76.41 ਕਰੋੜ ਮਨਜ਼ੂਰ ਹੋਏ।

ਉਨ੍ਹਾਂ ਦੱਸਿਆ ਕਿ ਪੀਐਮ-ਦਕਸ਼, ਵਿਸਵਾਸ਼ ਅਤੇ ਡਾ. ਅੰਬੇਡਕਰ ਮੈਡੀਕਲ ਏਡ ਸਕੀਮਾਂ ਰਾਹੀਂ ਵੀ ਸਿਖਲਾਈ, ਵਿਆਜ ਰਾਹਤ ਅਤੇ ਇਲਾਜ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਸਫ਼ਾਈ ਕਰਮਚਾਰੀਆਂ ਲਈ ਵੀ ਕਦਮ

ਵਾਲਮੀਕਿ ਭਾਈਚਾਰੇ ਦਾ ਜ਼ਿਕਰ ਕਰਦਿਆਂ ਸਾਂਪਲਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਤੀਰਥ ਸਥਲ ਲਈ ₹6.40 ਕਰੋੜ ਦੀ ਕੇਂਦਰੀ ਸਹਾਇਤਾ ਦਿੱਤੀ ਗਈ ਹੈ। ਸਵੱਛਤਾ ਉਦਮੀ ਯੋਜਨਾ ਤਹਿਤ ₹7.92 ਕਰੋੜ ਦੀ ਸਹਾਇਤਾ ਨਾਲ 22 ਪੇ-ਐਂਡ-ਯੂਜ਼ ਪਖਾਨਿਆਂ ਅਤੇ 22 ਸਫ਼ਾਈ ਵਾਹਨਾਂ ਨੂੰ ਸਹਾਇਤਾ ਮਿਲੀ।

ਉਨ੍ਹਾਂ ਮੁਤਾਬਕ ‘ਨਮਸਤੇ’ ਯੋਜਨਾ ਤਹਿਤ ਪੰਜਾਬ ਵਿੱਚ 4,465 ਸੀਵਰ ਅਤੇ ਸੈਪਟਿਕ ਟੈਂਕ ਕਰਮਚਾਰੀ ਅਤੇ 3,765 ਕੂੜਾ ਚੁੱਕਣ ਵਾਲੇ ਰਜਿਸਟਰਡ ਹੋਏ ਹਨ। ਪਛਾਣੇ ਗਏ 231 ਮੈਨੂਅਲ ਸਕੈਵੇਂਜਰਾਂ ਨੂੰ ਨਕਦ ਸਹਾਇਤਾ, 62 ਨੂੰ ਸਿਖਲਾਈ ਅਤੇ 46 ਨੂੰ ਪੂੰਜੀ ਸਬਸਿਡੀ ਦਿੱਤੀ ਗਈ ਹੈ। 2025-26 ਵਿੱਚ ਸੀਵਰ ਮੌਤਾਂ ਦੇ ਤਿੰਨ ਮਾਮਲਿਆਂ ਵਿੱਚ ₹37-37 ਲੱਖ ਮੁਆਵਜ਼ੇ ਦੀ ਸਹੂਲਤ ਦਿੱਤੀ ਗਈ।

ਵਾਲਮੀਕਿ ਦੇ ਨਾਮ ’ਤੇ ਹਵਾਈ ਅੱਡਾ ਸਨਮਾਨ ਦੀ ਮਿਸਾਲ: ਸਾਂਪਲਾ

ਸਾਂਪਲਾ ਨੇ ਕਿਹਾ ਕਿ 104ਵੇਂ ਸੰਵਿਧਾਨਕ ਸੋਧ ਕਾਨੂੰਨ ਰਾਹੀਂ ਐੱਸਸੀ/ਐੱਸਟੀ ਰਾਖਵੀਆਂ ਸੀਟਾਂ ਦੀ ਮਿਆਦ 25 ਜਨਵਰੀ 2030 ਤੱਕ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਐੱਸਸੀ ਭਾਈਚਾਰੇ ਨੂੰ ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਲਈ ਮੌਕਿਆਂ ਦੇ ਦਰਵਾਜ਼ੇ ਵੀ ਖੋਲ੍ਹੇ ਹਨ।

ਉਨ੍ਹਾਂ ਕਿਹਾ ਕਿ ਅਯੁੱਧਿਆ ਦੇ ਹਵਾਈ ਅੱਡੇ ਦਾ ਮਹਾਰਿਸ਼ੀ ਵਾਲਮੀਕਿ ਦੇ ਨਾਮ ’ਤੇ ਨਾਮਕਰਨ ਇਸ ਸਨਮਾਨ ਦੀ ਇੱਕ ਵੱਡੀ ਮਿਸਾਲ ਹੈ। ਸਾਂਪਲਾ ਨੇ ਆਪਣੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ 2014-19 ਦੌਰਾਨ ਕੇਂਦਰੀ ਰਾਜ ਮੰਤਰੀ ਅਤੇ 2021-23 ਦੌਰਾਨ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਰਹੇ, ਜਦਕਿ ਸ੍ਰੀ ਸੋਮ ਪ੍ਰਕਾਸ਼ ਨੇ 2019-24 ਦੌਰਾਨ ਕੇਂਦਰੀ ਰਾਜ ਮੰਤਰੀ ਵਜੋਂ ਸੇਵਾ ਨਿਭਾਈ।