
Skip to content

ਕਰਤਾਰ ਬੱਸ ਹਾਦਸਾ: ਡਿਲੀਵਰੀ ਬੁਆਏ ਦੀ ਮੌਤ ਮਾਮਲੇ ’ਚ ਭਾਜਪਾ ਵੱਲੋਂ ਸਖ਼ਤ ਕਾਰਵਾਈ ਦੀ ਮੰਗ
ਜਲੰਧਰ (ਨਵੀਨ ਪੁਰੀ/ਅਰਸ਼ਦੀਪ ਸਿੰਘ ਕਾਲੜਾ) : ਕੁਝ ਦਿਨ ਪਹਿਲਾਂ ਕਰਤਾਰ ਬੱਸ ਦੀ ਚਪੇਟ ਵਿੱਚ ਆਉਣ ਕਾਰਨ ਜੋਮੈਟੋ ਡਿਲੀਵਰੀ ਬੁਆਏ ਦੀ ਹੋਈ ਦਰਦਨਾਕ ਮੌਤ ਦੇ ਮਾਮਲੇ ਨੂੰ ਲੈ ਕੇ ਅੱਜ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਮੰਡਲ ਪ੍ਰਧਾਨਾਂ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਆਗੂਆਂ ਨੇ ਹਾਦਸੇ ਦੇ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਨਾਲ-ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਹੋਰ ਸੁਰੱਖਿਅਤ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਨਾਰਥ ਵਿਧਾਨ ਸਭਾ ਇੰਚਾਰਜ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਕੌਂਸਲਰ ਗੁਰਦੀਪ ਫੌਜੀ, ਕੌਂਸਲਰ ਰਵੀ ਕੁਮਾਰ ਸਮੇਤ ਭਾਜਪਾ ਦੇ ਮੰਡਲ ਪ੍ਰਧਾਨ ਅਤੇ ਹੋਰ ਅਹੁਦੇਦਾਰ ਮੌਜੂਦ ਸਨ।
ਭਾਜਪਾ ਆਗੂਆਂ ਨੇ ਕਿਹਾ ਕਿ ਸ਼ਹਿਰ ਵਿੱਚ ਆਮ ਲੋਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਨੋ-ਐਂਟਰੀ ਜ਼ੋਨਾਂ ਵਿੱਚ ਭਾਰੀ ਵਾਹਨਾਂ, ਟਰੱਕਾਂ, ਬੱਸਾਂ ਅਤੇ ਹੋਰ ਕਮਰਸ਼ੀਅਲ ਟਰਾਂਸਪੋਰਟ ਵਾਹਨਾਂ ਦੀ ਐਂਟਰੀ ਅਤੇ ਆਵਾਜਾਈ ’ਤੇ ਸਖ਼ਤੀ ਨਾਲ ਰੋਕ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਪ੍ਰਮੁੱਖ ਨੋ-ਐਂਟਰੀ ਖੇਤਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਆਧੁਨਿਕ ਤਕਨੀਕੀ ਸਾਧਨਾਂ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾਵੇ, ਤਾਂ ਜੋ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਪਛਾਣ ਕਰਕੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਕਮਰਸ਼ੀਅਲ ਬੱਸਾਂ ਦੀ ਆਵਾਜਾਈ ਸਬੰਧੀ ਸਬੰਧਤ ਵਿਭਾਗ ਵੱਲੋਂ ਸਪੱਸ਼ਟ ਅਤੇ ਅਧਿਕਾਰਤ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਹਨ। ਇਨ੍ਹਾਂ ਹੁਕਮਾਂ ਵਿੱਚ ਬੱਸਾਂ ਦੇ ਨਿਰਧਾਰਤ ਰੂਟ, ਨੋ-ਐਂਟਰੀ ਜ਼ੋਨ, ਸਮਾਂ ਸੀਮਾ ਅਤੇ ਟ੍ਰੈਫਿਕ ਨਿਯਮਾਂ ਦਾ ਸਪੱਸ਼ਟ ਜ਼ਿਕਰ ਹੋਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਅਤੇ ਆਪਰੇਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਡਿਲੀਵਰੀ ਬੁਆਏ, ਆਟੋ ਚਾਲਕ, ਦੋਪਹੀਆ ਵਾਹਨ ਚਾਲਕ ਅਤੇ ਆਮ ਨਾਗਰਿਕ ਰੋਜ਼ਾਨਾ ਸ਼ਹਿਰ ਦੀਆਂ ਸੜਕਾਂ ’ਤੇ ਸਫ਼ਰ ਕਰਦੇ ਹਨ। ਇਸ ਲਈ ਟ੍ਰੈਫਿਕ ਨਿਯਮਾਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਤ ਰੱਖਣ ਦੀ ਬਜਾਏ ਜ਼ਮੀਨੀ ਪੱਧਰ ’ਤੇ ਸਖ਼ਤੀ ਨਾਲ ਲਾਗੂ ਕਰਨਾ ਸਮੇਂ ਦੀ ਲੋੜ ਹੈ।
ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਰਤਾਰ ਬੱਸ ਹਾਦਸੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸ਼ਹਿਰ ਵਿੱਚ ਭਾਰੀ ਅਤੇ ਕਮਰਸ਼ੀਅਲ ਵਾਹਨਾਂ ਦੀ ਆਵਾਜਾਈ ’ਤੇ ਪ੍ਰਭਾਵਸ਼ਾਲੀ ਨਿਗਰਾਨੀ ਪ੍ਰਬੰਧ ਲਾਗੂ ਕੀਤਾ ਜਾਵੇ।
ਇਸ ਦੌਰਾਨ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਭਾਜਪਾ ਆਗੂਆਂ ਨੂੰ ਦੱਸਿਆ ਕਿ ਨੋ-ਐਂਟਰੀ ਜ਼ੋਨ ਵਿੱਚ ਟਰੱਕਾਂ ਸਮੇਤ ਭਾਰੀ ਵਾਹਨਾਂ ਲਈ ਨਿਯਮ ਪਹਿਲਾਂ ਤੋਂ ਲਾਗੂ ਹਨ, ਪਰ ਕਮਰਸ਼ੀਅਲ ਬੱਸਾਂ ਸਬੰਧੀ ਨੋ-ਐਂਟਰੀ ਜ਼ੋਨ ਦੀ ਕੋਈ ਸਪੱਸ਼ਟ ਗਾਈਡਲਾਈਨ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰਤਾਰ ਬੱਸ ਹਾਦਸੇ ਤੋਂ ਬਾਅਦ ਇਸ ਸਬੰਧੀ ਤੁਰੰਤ ਬਦਲਾਅ ਕਰਨ ਲਈ ਡੀਸੀ, ਨਗਰ ਨਿਗਮ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਨਵੇਂ ਨਿਯਮ ਤਿਆਰ ਕਰਕੇ ਜਲਦ ਲਾਗੂ ਕੀਤੇ ਜਾਣਗੇ।
ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਰਮਨ ਪੱਬੀ, ਮਨੀਸ਼ ਵਿਜ, ਭਗਵੰਤ ਪ੍ਰਭਾਕਰ, ਹਨੀ ਕੰਬੋਜ, ਕ੍ਰਿਸ਼ਨ ਦੇਵ ਭੰਡਾਰੀ, ਮੰਡਲ ਪ੍ਰਧਾਨ ਆਰ.ਕੇ. ਮਲਹੋਤਰਾ, ਕੁਲਵੰਤ ਸ਼ਰਮਾ, ਆਸ਼ੀਸ਼ ਸਹਿਗਲ, ਗੁਰਪ੍ਰੀਤ ਸਮੇਤ ਹੋਰ ਭਾਜਪਾ ਆਗੂ ਅਤੇ ਅਹੁਦੇਦਾਰ ਹਾਜ਼ਰ ਸਨ।

Related