ਸੁਖਬੀਰ ਬਾਦਲ ’ਤੇ ਹੋਏ ਹਮਲਿਆਂ ਦੀ NIA ਜਾਂਚ ਦੀ ਮੰਗ, ਹਰਸਿਮਰਤ ਬਾਦਲ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ

ਜਤਿੰਦਰ ਪਿੰਕਲ, ਗੁਰੂਹਰਿਸਹਾਏ (ਫਿਰੋਜ਼ਪੁਰ): ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਦੋ ਕਾਤਲਾਨਾ ਹਮਲਿਆਂ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਵਾਂ ਹਮਲਿਆਂ ਨੂੰ ਡੂੰਘੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਇਸ ਦੀ ਤਹਿ ਤੱਕ ਜਾਣਾ ਜ਼ਰੂਰੀ ਹੈ।

ਗੁਰੂਹਰਿਸਹਾਏ ਵਿਖੇ ਪਾਰਟੀ ਦੀ ‘ਪੰਜਾਬ ਬਚਾਓ ਮੁਹਿੰਮ’ ਦੇ ਦੂਜੇ ਪੜਾਅ ਤਹਿਤ ਕਰਵਾਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੌਰਾਨ ਉਨ੍ਹਾਂ ਦੀ ਗੰਭੀਰ ਜ਼ਖ਼ਮੀ ਹੋਈ ਬਾਂਹ ਦੀਆਂ ਤਸਵੀਰਾਂ ਅਤੇ ਹਮਲਾਵਰ ਵੱਲੋਂ ਵਰਤੀ ਗਈ ਕਰੀਬ ਡੇਢ ਫੁੱਟ ਲੰਬੀ ਕਿਰਚ ਦੀਆਂ ਤਸਵੀਰਾਂ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਸਰਜਰੀ ਦੌਰਾਨ ਜ਼ਖ਼ਮ ਨੂੰ ਦੋਵੇਂ ਪਾਸਿਆਂ ਅਤੇ ਅੰਦਰਲੇ ਹਿੱਸੇ ਤੋਂ ਕਵਰ ਕਰਨ ਲਈ 150 ਤੋਂ ਵੱਧ ਟਾਂਕੇ ਲਗਾਉਣੇ ਪਏ।

ਹਰਸਿਮਰਤ ਬਾਦਲ ਨੇ ਕਿਹਾ ਕਿ 4 ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਤੇ ਨਾਂਦੇੜ ਸਾਹਿਬ ਵਿਖੇ ਹੋਏ ਹਮਲੇ ਸਿਰਫ਼ ਵੱਖ-ਵੱਖ ਘਟਨਾਵਾਂ ਨਹੀਂ, ਸਗੋਂ ਸੁਖਬੀਰ ਸਿੰਘ ਬਾਦਲ ਨੂੰ ਜਾਨੋਂ ਮਾਰਨ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸੇ ਕਰਕੇ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਦੋਵਾਂ ਮਾਮਲਿਆਂ ਦੀ ਐਨ.ਆਈ.ਏ. ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨਾਂਦੇੜ ਸਾਹਿਬ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਮਾਤਾ ਸਾਹਿਬ ਦੀਵਾਨ ਜੀ ਦੀਆਂ ਪੌੜੀਆਂ ਉਤਰ ਰਹੇ ਸਨ ਤਾਂ ਹਮਲਾਵਰ ਨੇ ਪਹਿਲਾਂ ਉਨ੍ਹਾਂ ਦੇ ਨਾਲ ਤੁਰਨ ਦਾ ਡਰਾਮਾ ਕੀਤਾ ਅਤੇ ਬਾਅਦ ਵਿੱਚ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪਿੱਛੇ ਕੌਣ ਲੋਕ ਹਨ, ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਵੰਡਪਾਊ ਤਾਕਤਾਂ ਤੋਂ ਅਕਾਲੀ ਦਲ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੰਨੇ ਹਮਲੇ ਕੀਤੇ ਜਾਣਗੇ, ਅਕਾਲੀ ਦਲ ਉਨਾ ਹੀ ਮਜ਼ਬੂਤ ਹੋ ਕੇ ਨਿਤਰੇਗਾ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਉਹ ਚੜ੍ਹਦੀਕਲਾ ਵਿੱਚ ਹਨ।

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਬਾਦਲ ਨੇ ਪੰਜਾਬੀਆਂ ਨੂੰ ਸੂਬੇ ਦੇ ਹਿੱਤਾਂ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਰਾਜ ਪੰਜਾਬੀਆਂ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ ਅਤੇ ਸੂਬੇ ਦਾ ਖ਼ਜ਼ਾਨਾ ਪੰਜਾਬੀਆਂ ਦੀ ਭਲਾਈ ਲਈ ਖਰਚ ਹੋਣਾ ਚਾਹੀਦਾ ਹੈ। ਉਨ੍ਹਾਂ ਸਰਕਾਰੀ ਨੌਕਰੀਆਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਤਰਜੀਹ ਦੇਣ, ਗੈਂਗਸਟਰਵਾਦ ਖ਼ਤਮ ਕਰਨ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਚੰਡੀਗੜ੍ਹ ’ਤੇ ਸੂਬੇ ਦੇ ਹੱਕਾਂ ਦੀ ਰੱਖਿਆ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਲੋਕਾਂ ਨੂੰ ਧਰਮ ਦੀ ਆੜ ਵਿੱਚ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਵਿੱਚ ਵਿਕਾਸ ਨੂੰ ਰਫ਼ਤਾਰ ਮਿਲੀ ਸੀ ਅਤੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਕੇ ਹੀ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ’ਤੇ ਲਿਆਂਦਾ ਜਾ ਸਕਦਾ ਹੈ।

ਇਸ ਮੌਕੇ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਗੁਰੂਹਰਿਸਹਾਏ ਵਿੱਚ ਨਵੇਂ ਸੀਵਰੇਜ ਸਿਸਟਮ ਲਈ 75 ਕਰੋੜ ਰੁਪਏ ਅਲਾਟ ਕੀਤੇ ਗਏ ਸਨ ਪਰ ਬਾਅਦ ਵਿੱਚ ਸਰਕਾਰ ਬਦਲਣ ਕਾਰਨ ਇਹ ਰਕਮ ਜਾਰੀ ਨਹੀਂ ਹੋਈ। ਉਨ੍ਹਾਂ ਨਵੇਂ ਸੀਵਰੇਜ ਸਿਸਟਮ ਦੀ ਮੰਗ ਦੇ ਨਾਲ-ਨਾਲ ਸਤਲੁਜ ਦਰਿਆ ਨਾਲ ਲੱਗਦੀ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਨੂੰ ਮਾਲਕਾਨਾ ਹੱਕ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਲਕੇ ਵਿੱਚ ਗਰਲਜ਼ ਕਾਲਜ ਅਤੇ ਹਸਪਤਾਲ ਬਣਾਉਣ ਦੀ ਮੰਗ ਰੱਖੀ।

ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਨਰਦੇਵ ਸਿੰਘ ਮਾਨ, ਜੋਗਿੰਦਰ ਸਿੰਘ ਜਿੰਦੂ, ਸੁਖਪਾਲ ਸਿੰਘ ਨੰਨੂ, ਰਾਜ ਕੁਮਾਰ ਡਿੱਬੀਪੁਰਾ, ਹਰਪ੍ਰੀਤ ਸਿੰਘ ਹੀਰੋ ਅਤੇ ਐਸ.ਓ.ਆਈ. ਪ੍ਰਧਾਨ ਰਣਬੀਰ ਸਿੰਘ ਢਿੱਲੋਂ ਸਮੇਤ ਹੋਰ ਆਗੂ ਹਾਜ਼ਰ ਸਨ।