ਫ਼ਿਰੋਜ਼ਪੁਰ ਵਿੱਚ 18 ਤੋਂ 27 ਅਗਸਤ ਤੱਕ ਅਗਨੀਵੀਰ ਭਰਤੀ ਰੈਲੀ, 9 ਹਜ਼ਾਰ ਤੋਂ ਵੱਧ ਉਮੀਦਵਾਰ ਲੈਣਗੇ ਹਿੱਸਾ

ਜਤਿੰਦਰ ਪਿੰਕਲ, ਫ਼ਿਰੋਜ਼ਪੁਰ : ਪੰਜਾਬ ਦੇ ਪੰਜ ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਨੌਜਵਾਨਾਂ ਲਈ ਅਗਨੀਵੀਰ ਭਰਤੀ ਰੈਲੀ 18 ਤੋਂ 27 ਅਗਸਤ 2026 ਤੱਕ ਸ਼ਹੀਦ ਭਗਤ ਸਿੰਘ ਸਟੇਡੀਅਮ, ਫ਼ਿਰੋਜ਼ਪੁਰ ਵਿਖੇ ਕਰਵਾਈ ਜਾ ਰਹੀ ਹੈ। ਇਹ ਰੈਲੀ ਵਜਰਾ ਕੋਰ ਦੀ ਅਗਵਾਈ ਹੇਠ ਗੋਲਡਨ ਐਰੋ ਡਿਵੀਜ਼ਨ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ।

ਲਗਭਗ 10 ਦਿਨ ਚੱਲਣ ਵਾਲੀ ਇਸ ਭਰਤੀ ਰੈਲੀ ਵਿੱਚ 9,000 ਤੋਂ ਵੱਧ ਉਮੀਦਵਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਉਮੀਦਵਾਰਾਂ ਨੂੰ 1.6 ਕਿਲੋਮੀਟਰ ਦੌੜ, ਸਰੀਰਕ ਯੋਗਤਾ ਟੈਸਟ (Physical Proficiency Test) ਅਤੇ ਮੈਡੀਕਲ ਜਾਂਚ ਸਮੇਤ ਵੱਖ-ਵੱਖ ਪੜਾਵਾਂ ਵਿੱਚੋਂ ਲੰਘਣਾ ਪਵੇਗਾ। ਰੈਲੀ ਵਿੱਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ ਅਤੇ ਅਗਨੀਵੀਰ ਟ੍ਰੇਡਸਮੈਨ 8ਵੀਂ ਅਤੇ 10ਵੀਂ ਸ਼੍ਰੇਣੀ ਦੀਆਂ ਭਰਤੀਆਂ ਲਈ ਉਮੀਦਵਾਰ ਹਿੱਸਾ ਲੈਣਗੇ।

ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਮੇਜਰ ਜਨਰਲ ਰਣਜੀਤ ਸਿੰਘ ਮਾਨਰਲ, SM, VSM, ਜਨਰਲ ਅਫ਼ਸਰ ਕਮਾਂਡਿੰਗ, ਗੋਲਡਨ ਐਰੋ ਡਿਵੀਜ਼ਨ ਵੱਲੋਂ ਲਿਆ ਗਿਆ। ਗੋਲਡਨ ਐਰੋ ਡਿਵੀਜ਼ਨ ਵੱਲੋਂ ਰੈਲੀ ਨੂੰ ਸਫ਼ਲ ਬਣਾਉਣ ਲਈ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸਿਵਲ ਪ੍ਰਸ਼ਾਸਨ ਵੱਲੋਂ ਵੀ ਭਰਤੀ ਰੈਲੀ ਨੂੰ ਸੁਚੱਜੇ, ਨਿਰਵਿਘਨ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਰੈਲੀ ਦੌਰਾਨ ਉਮੀਦਵਾਰਾਂ ਦੀ ਸਹੂਲਤ ਅਤੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ।