ਨਾਭਾ, 9 ਅਕਤੂਬਰ (ਅਮਨ ਗਰਗ): ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਨਾਭਾ ਦੀ ਮੀਟਿੰਗ ਅੱਜ ਬਲਾਕ ਪ੍ਰਧਾਨ ਨਿਰਮਲ ਸਿੰਘ ਨਰਮਾਣਾ ਦੀ ਅਗਵਾਈ ਹੇਠ ਗੁਰਦੁਆਰਾ ਘੋੜਿਆਵਾਲਾ ਨਾਭਾ ਵਿਖੇ ਹੋਈ। ਮੀਟਿੰਗ ਦੌਰਾਨ ਕਿਸਾਨਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਰੋਸ ਪ੍ਰਗਟਾਇਆ ਗਿਆ।

ਮੀਟਿੰਗ ਵਿੱਚ ਸਭ ਤੋਂ ਅਹਿਮ ਮੁੱਦਾ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਜਾ ਰਹੇ ਪੁਲਿਸ ਕੇਸਾਂ ਦਾ ਰਿਹਾ। ਕਿਸਾਨ ਜਥੇਬੰਦੀ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਪਰਚੇ ਤੁਰੰਤ ਵਾਪਸ ਲਏ ਜਾਣ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਹ ਪਰਚੇ ਰੱਦ ਨਾ ਕੀਤੇ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਇਸ ਤੋਂ ਇਲਾਵਾ ਮੀਟਿੰਗ ਵਿੱਚ ਡੀਏਪੀ ਖਾਦ ਸਹਿਕਾਰੀ ਸਭਾਵਾਂ ਨੂੰ ਭੇਜਣ ਦੀ ਬਜਾਏ ਦੁਕਾਨਦਾਰਾਂ ਨੂੰ ਭੇਜਣ ਦਾ ਮੁੱਦਾ ਵੀ ਉਠਾਇਆ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਖਾਦ ਦੀ ਸਪਲਾਈ ਸੁਚੱਜੇ ਢੰਗ ਨਾਲ ਕੀਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਖਾਦ ਲੈਣ ਲਈ ਖੱਜਲ-ਖੁਆਰ ਨਾ ਹੋਣਾ ਪਵੇ।

ਝੋਨੇ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਆੜ੍ਹਤੀਆਂ ਵੱਲੋਂ ਨਮੀ ਦੇ ਨਾਂ ’ਤੇ ਕਿਸਾਨਾਂ ਦੀ ਕਥਿਤ ਲੁੱਟ ਅਤੇ ਤੋਲ ਵਿੱਚ ਹੇਰਾਫੇਰੀ ਕੀਤੇ ਜਾਣ ਦਾ ਮਾਮਲਾ ਵੀ ਵਿਚਾਰਿਆ ਗਿਆ। ਜਥੇਬੰਦੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦੀ ਸਹੀ ਤੋਲ ਯਕੀਨੀ ਬਣਾਈ ਜਾਵੇ ਅਤੇ ਨਮੀ ਦੇ ਨਾਂ ’ਤੇ ਹੋ ਰਹੀ ਕਥਿਤ ਲੁੱਟ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕੇ ਜਾਣ।

ਇਸ ਮੌਕੇ ਬਲਾਕ ਪ੍ਰਧਾਨ ਨਿਰਮਲ ਸਿੰਘ ਨਰਮਾਣਾ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਨੂੰ ਸੜਕਾਂ ’ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ।

ਮੀਟਿੰਗ ਵਿੱਚ ਬਲਾਕ ਸੀਨੀਅਰ ਮੀਤ ਪ੍ਰਧਾਨ, ਬਲਾਕ ਮੇਕਰ, ਖ਼ਜ਼ਾਨਚੀ ਦੁਖਵੀਰ ਸਿੰਘ ਦੁੱਲਦੀ, ਅਜੈਬ ਸਿੰਘ, ਹਰਨੇਕ ਸਿੰਘ ਅਗੇਤੀ, ਗੁਰਸਰਨ ਸਿੰਘ ਦੁੱਲਦੀ, ਹਰਜਿੰਦਰ ਸਿੰਘ ਫੈਜ਼ਗੜ੍ਹ, ਮਹਿੰਦਰ ਸਿੰਘ ਬਿਨਾਹੇੜੀ, ਜਗਵੰਤ ਸਿੰਘ ਕੋਟ ਕਲਾਂ, ਬੀਤ ਸਿੰਘ ਘਮਰੌਦਾ, ਗਰਜਾ ਸਿੰਘ ਘਮਰੌਦਾ, ਦਰਸ਼ਨ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।

ਇਸ ਦੌਰਾਨ ਤੜੌਦਾ ਯੂਨੀਅਨ ਦੇ ਕੰਮਕਾਜ ਤੋਂ ਅਸੰਤੁਸ਼ਟ ਹੋ ਕੇ ਦਰਸ਼ਨ ਸਿੰਘ ਅਤੇ ਨਾਥ ਸਿੰਘ ਘਮਰੌਦਾ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਿੱਚ ਸ਼ਮੂਲੀਅਤ ਕੀਤੀ। ਬਲਾਕ ਪ੍ਰਧਾਨ ਵੱਲੋਂ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ ਗਿਆ।